#CANADA

ਕੈਨੇਡਾ ‘ਚ ਖੂਨੀ ਗੈਂਗਵਾਰ: ਸਰੀ ‘ਚ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

-ਮ੍ਰਿਤਕ ਪੰਜਾਬੀ ਮੂਲ ਦੇ ਹੋਣ ਦਾ ਖ਼ਦਸ਼ਾ
ਸਰੀ, 12 ਮਈ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਗੈਂਗਵਾਰ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਪੰਜਾਬੀ ਬਹੁਲਤਾ ਵਾਲੇ ਨਿਊਟਨ ਇਲਾਕੇ ਵਿਚ ਐਤਵਾਰ ਰਾਤ ਨੂੰ ਇੱਕ ਅੰਡਰਗਰਾਊਂਡ ਪਾਰਕਿੰਗ ਲੋਟ ਵਿਚ ਦੋ ਨੌਜਵਾਨਾਂ (ਉਮਰ 16 ਅਤੇ 18 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਅਤੇ ਕੈਨੇਡੀਅਨ ਮੀਡੀਆ ਵੱਲੋਂ ਅਜੇ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਲਾਕੇ ਦੇ ਪੰਜਾਬੀ ਗੜ੍ਹ ਹੋਣ ਕਾਰਨ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਪੰਜਾਬੀ ਮੂਲ ਦੇ ਸਨ।
ਸਰੀ ਪੁਲਿਸ ਅਨੁਸਾਰ ਇਹ ਘਟਨਾ 10 ਮਈ ਦੀ ਰਾਤ ਕਰੀਬ 10 ਵਜੇ 133ਬੀ ਸਟਰੀਟ ਦੇ 7000-ਬਲਾਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਦੋਵੇਂ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ ਵਿਚ ਮਿਲੇ। ਪੈਰਾਮੈਡਿਕਸ ਵੱਲੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐੱਚ.ਆਈ.ਟੀ.) ਨੇ ਮਾਮਲੇ ਦੀ ਜਾਂਚ ਸੰਭਾਲ ਲਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਹੈ ਅਤੇ ਇਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਵਿਚ ਚੱਲ ਰਹੇ ਖੂਨੀ ਗੈਂਗ ਸੰਘਰਸ਼ ਨਾਲ ਹੈ। ਜਾਂਚ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦਾ ਸਬੰਧ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਹੋ ਸਕਦਾ ਹੈ।
ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਇੱਕ ਸਲੇਟੀ ਰੰਗ ਦੀ ਚਾਰ ਦਰਵਾਜ਼ਿਆਂ ਵਾਲੀ ਸੇਡਾਨ ਕਾਰ ਸੜੀ ਹੋਈ ਹਾਲਤ ਵਿਚ ਮਿਲੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ ਅਤੇ ਬਾਅਦ ਵਿਚ ਸਬੂਤ ਨਸ਼ਟ ਕਰਨ ਲਈ ਇਸ ਨੂੰ ਅੱਗ ਲਗਾ ਦਿੱਤੀ।
ਆਈ.ਐੱਚ.ਆਈ.ਟੀ. ਦੀ ਬੁਲਾਰਾ ਸਾਰਜੈਂਟ ਫਰੀਦਾ ਫੋਂਗ ਨੇ ਕਿਹਾ ਕਿ ਇਸ ਘਟਨਾ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਰਾਤ 9 ਤੋਂ 11 ਵਜੇ ਦੇ ਦਰਮਿਆਨ ਦੀ ਕੋਈ ਡੈਸ਼ਕੈਮ ਫੁਟੇਜ ਜਾਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਾਂਝੀ ਕਰਨ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇਸ ਵਧ ਰਹੀ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦਾ ਗੈਂਗਵਾਰ ਦੀ ਭੇਟ ਚੜ੍ਹਨਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।