ਵਿਨੀਪੈੱਗ, 22 ਮਈ (ਪੰਜਾਬ ਮੇਲ)- ਕੈਨੇਡਾ ਦੇ ਸਰੀ ਵਾਸੀ ‘ਕ੍ਰਿਕਟ ਕੈਨੇਡਾ’ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਅਰਵਿੰਦਰ ਖੋਸਾ ਨੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਤੜਕਸਾਰ ਹੋਈ ਇਸ ਗੋਲ਼ੀਬਾਰੀ ਸਮੇਂ ਘਰ ਦੇ ਸਾਰੇ ਮੈਂਬਰ ਘਰ ਵਿਚ ਹੀ ਮੌਜੂਦ ਸਨ, ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਬਾਹਰੀ ਹਿੱਸੇ ਵਿਚ ਘੱਟੋ-ਘੱਟ ਪੰਜ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਹਨ।
ਅਧਿਕਾਰੀਆਂ ਅਨੁਸਾਰ ਪੁਲਿਸ ਨੂੰ ਇਸ ਗੋਲ਼ੀਬਾਰੀ ਦੀ ਸੂਚਨਾ ਸਵੇਰੇ 4.40 ਵਜੇ ਮਿਲੀ। ਸਰੀ ਪੁਲਿਸ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ ਵਿਚ ਹੈ ਪਰ ਗੋਲ਼ੀਬਾਰੀ ਜਬਰੀ ਵਸੂਲੀ ਨਾਲ ਸਬੰਧਿਤ ਮੰਨੀ ਜਾ ਰਹੀ ਹੈ। ਸਰੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਜਿਸ ਘਰ ‘ਤੇ ਗੋਲੀ ਚਲਾਈ ਗਈ, ਉਸ ਨਾਲ ਜੁੜੇ ਇੱਕ ਵਿਅਕਤੀ ਨੂੰ ਜਬਰੀ ਵਸੂਲੀ ਲਈ ਧਮਕੀਆਂ ਮਿਲੀਆਂ ਸਨ। ਦੂਜੇ ਪਾਸੇ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਵਿਚ ਇਸ ਹਮਲੇ ਦੇ ਤਾਰ ਕੈਨੇਡੀਅਨ ਕ੍ਰਿਕਟ ਜਗਤ ਦੇ ਅੰਦਰੂਨੀ ਵਿਵਾਦਾਂ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਵੀ ਜੋੜ ਕੇ ਦੇਖੇ ਜਾ ਰਹੇ ਹਨ।
‘ਕ੍ਰਿਕਟ ਕੈਨੇਡਾ’ ਪਿਛਲੇ ਮਹੀਨੇ ਪ੍ਰਕਾਸ਼ਿਤ ਪੰਜਵੀਂ ਅਸਟੇਟ ਜਾਂਚ ਦਾ ਕੇਂਦਰ ਸੀ, ਜਿਸ ਵਿਚ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਦੁਆਰਾ ਪ੍ਰਭਾਵ ਅਤੇ ਕ੍ਰਿਕਟ ਕੈਨੇਡਾ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਮੈਚਾਂ ਨੂੰ ਫਿਕਸ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਆਪਕ ਦੋਸ਼ਾਂ ਦਾ ਖ਼ੁਲਾਸਾ ਹੋਇਆ ਸੀ।
ਖੋਸਾ ਨੂੰ 9 ਮਈ ਨੂੰ ਮਿਸੀਸਾਗਾ, ਓਨਟਾਰੀਓ ਵਿਚ ਕ੍ਰਿਕਟ ਕੈਨੇਡਾ ਦੀ ਸਾਲਾਨਾ ਆਮ ਮੀਟਿੰਗ ਤੋਂ ਬਾਅਦ ਪ੍ਰਧਾਨ ਚੁਣਿਆ ਗਿਆ ਸੀ। ਉਸ ਨੇ ਅਦਾਲਤ ਦੇ ਦਖ਼ਲ ਰਾਹੀਂ ਇਹ ਅਹੁਦਾ ਹਾਸਲ ਕੀਤਾ ਸੀ।
ਖੋਸਾ ਨੇ ਪਿਛਲੇ ਪ੍ਰਧਾਨ ਅਮਜਦ ਬਾਜਵਾ ਦੀ ਥਾਂ ਲੈ ਲਈ ਹੈ। ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਿਸ ਵਿਚ ਸੀ.ਸੀ.ਟੀ.ਵੀ. ਜਾਂ ਡੈਸ਼ਕੈਮ ਫੁਟੇਜ ਸ਼ਾਮਲ ਹੈ, ਨੂੰ ਐੱਸ.ਪੀ.ਐੱਸ. ਦੀ ਗੈਰ-ਐਮਰਜੈਂਸੀ ਲਾਈਨ ਨੂੰ 604-599-0502 ‘ਤੇ ਸੰਪਰਕ ਕਰਨ ਲਈ ਕਿਹਾ ਹੈ।
ਸਰੀ ‘ਚ ਕ੍ਰਿਕਟ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਦੇ ਘਰ ‘ਤੇ ਗੋਲ਼ੀਬਾਰੀ

