#CANADA

ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ‘ਚ ਹੋਣ ਵਾਲੀ ਚੋਣ ਮੌਕੇ

ਵੈਨਕੂਵਰ, 22 ਮਈ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ਵਿਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ (ਰੈਫਰੈਂਡਮ) ਮੌਕੇ ਉਸ ਵਿਚ ਇਹ ਸਵਾਲ ਜੋੜਿਆ ਜਾਵੇਗਾ ਕਿ ਉੱਥੋਂ ਦੇ ਨਿਵਾਸੀ ਸਦਾ ਲਈ ਕੈਨੇਡਿਆਈ ਰਹਿਣਾ ਚਾਹੁੰਦੇ ਹਨ ਜਾਂ ਫਿਰ ਅਲਬਰਟਾ ਨੂੰ ਇੱਕ ਵੱਖਰਾ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਹਨ।
ਡੈਨੀਅਲ ਸਮਿੱਥ ਨੇ ਆਖਿਆ ਕਿ ਬੇਸ਼ੱਕ ਉਹ ਖ਼ੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉੱਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਲੋਕਾਂ ਦੇ ਬਹੁਮਤ ਨਾਲ ਰਹਿਣਾ ਪਸੰਦ ਕਰੇਗੀ। ਉਨ੍ਹਾਂ ਨੇ ਆਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ।
ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਵਿਚ ‘ਸਟ੍ਰੇਟਫ਼੍ਰੀ ਅਲਬਰਟਾ’ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕਹਿਰੇ ਜੱਜ ਦੇ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤਾਂ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ, ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਦਾ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫ਼ਰਜ਼ ਹੈ ਅਤੇ ਜਨਮਤ ਵਿਚ ਇਹ ਸਵਾਲ ਜੋੜ ਕੇ ਉਸ ਦੀ ਸਰਕਾਰ ਨੇ ਕੁਝ ਗ਼ਲਤ ਨਹੀਂ ਕੀਤਾ।