ਸੈਕਰਾਮੈਂਟੋ, 22 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗਿਲਗੋ ਬੀਚ ਸੀਰੀਅਲ ਕਾਤਲ ਰੈਕਸ ਹੂਰਮਾਨ ਨੇ ਅਦਾਲਤ ਵਿਚ ਮੰਨਿਆ ਕਿ ਉਸ ਨੇ 2 ਦਹਾਕਿਆਂ ਦੇ ਸਮੇ ਦੌਰਾਨ 8 ਔਰਤਾਂ ਦੀਆਂ ਹੱਤਿਆਵਾਂ ਕੀਤੀਆਂ ਹਨ। ਉਸ ਨੇ ਇਹ ਹੱਤਿਆਵਾਂ 1993 ਤੋਂ 2010 ਦਰਮਿਆਨ ਕੀਤੀਆਂ। ਉਸ ਨੂੰ ਜੂਨ ਵਿਚ ਸਜ਼ਾ ਸੁਣਾਈ ਜਾਵੇਗੀ। ਪਹਿਲਾਂ ਉਹ ਅਦਾਲਤ ਵਿਚ ਮੁਕਰ ਗਿਆ ਸੀ ਤੇ ਉਸ ਨੇ ਕਿਹਾ ਸੀ ਕਿ ਉਹ 7 ਔਰਤਾਂ ਦਾ ਕਾਤਲ ਨਹੀਂ ਹੈ ਪਰੰਤੂ ਬੀਤੇ ਦਿਨੀਂ ਦਾਇਰ ਨਵੀਂ ਦਰਖਾਸਤ ਵਿਚ ਉਸ ਨੇ ਮੰਨਿਆ ਕਿ 7 ਨਹੀਂ, ਬਲਕਿ 8 ਔਰਤਾਂ ਦੀ ਹੱਤਿਆ ਕੀਤੀ ਹੈ। ਹੂਰਮਾਨ ਦੀ ਸਾਬਕਾ ਪਤਨੀ ਐਸਾ ਏਲਰੁਪ ਨੇ ਆਪਣੀ ਨਵੀਂ ਦਸਤਾਵੇਜ਼ੀ ਫਿਲਮ ਵਿਚ ਖੁਲਾਸਾ ਕੀਤਾ ਹੈ ਕਿ ਹੂਰਮਾਨ ਨੇ 7 ਔਰਤਾਂ ਦੀਆਂ ਹੱਤਿਆਵਾਂ ਆਪਣੇ ਘਰ ਵਿਚ ਹੀ ਕੀਤੀਆਂ ਹਨ। ਵਿਆਹੁਤਾ ਜੀਵਨ ਵਿਚ 27 ਸਾਲ ਹੂਰਮਾਨ ਨਾਲ ਰਹੀ ਏਲਰੁਪ ਅਨੁਸਾਰ ਉਹ ਘਟਨਾਵਾਂ ਨੂੰ ਉਸ ਸਮੇ ਅੰਜਾਮ ਦਿੰਦਾ ਰਿਹਾ, ਜਦੋਂ ਉਹ ਕਿਤੇ ਗਈ ਹੁੰਦੀ ਸੀ। ਏਲਰੁਪ ਨੇ 2023 ਵਿਚ ਹੂਰਮਾਨ ਦੀ ਗ੍ਰਿਫਤਾਰੀ ਉਪਰੰਤ ਉਸ ਨੂੰ ਤਲਾਕ ਦੇ ਦਿੱਤਾ ਸੀ। ਏਲਰੁਪ ਅਨੁਸਾਰ ਹੂਰਮਾਨ ਨੇ ਉਸ ਕੋਲ ਔਰਤਾਂ ਨੂੰ ਮਾਰਨ ਦੀ ਗੱਲ ਮੰਨੀ ਸੀ। ਏਲਰੁਪ ਅਨੁਸਾਰ ਉਸ ਸਮੇਂ ਉਹ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ਜਿਨ੍ਹਾਂ ਔਰਤਾਂ ਦੀਆਂ ਉਸ ਨੇ ਹੱਤਿਆਵਾਂ ਕੀਤੀਆਂ, ਉਨ੍ਹਾਂ ਵਿਚ ਮੇਗਨ ਵਾਟਰਮੈਨ (22), ਮੇਲੀਸਾ ਬਰਥੇਲੇਮੀ (24), ਅੰਬਰ ਕੋਸਟੇਲੋ (27), ਮੌਰੀਨ ਬਰੇਨਰਡ-ਬਰਨਸ (25), ਜੈਸਿਕਾ ਟੇਲਰ (20), ਸਾਂਡਰਾ ਕੋਲਟਿਲਾ (28), ਵੇਲਰੀ ਮੈਕ (24) ਤੇ ਕੇਰਨ ਵਰਗਟਾ (34) ਸ਼ਾਮਲ ਹਨ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਸੈਕਸ ਵਰਕਰ ਸਨ।
ਰੈਕਸ ਹੂਰਮਾਨ ਨੇ 8 ਔਰਤਾਂ ਦੀਆਂ ਹੱਤਿਆਵਾਂ ਕਰਨ ਦੇ ਦੋਸ਼ਾਂ ਨੂੰ ਕਬੂਲਿਆ

