#AMERICA

ਅਮਰੀਕਾ ‘ਚ ਪੰਜਾਬੀ ਡਰਾਈਵਰ 9 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਗ੍ਰਿਫ਼ਤਾਰ

ਪੁਟਨਮ ਕਾਉਂਟੀ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਇੰਡੀਆਨਾ ਸਟੇਟ ਪੁਲਿਸ ਨੇ ਪੁਟਨਮ ਕਾਉਂਟੀ ਖੇਤਰ ਵਿਚ ਵੱਡੀ ਕਾਰਵਾਈ ਕਰਦਿਆਂ ਲਗਭਗ 9 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪੁਟਨਮ ਕਾਉਂਟੀ ਦੇ ਕਲੋਵਰਡੇਲ ਨੇੜੇ ਆਈ-70 ‘ਤੇ ਇਕ ਟਰੂਪਰ ਨੇ ਤੇਜ਼ ਰਫ਼ਤਾਰ ਕਾਰਨ ਇਕ ਟਰੱਕ ਡਰਾਈਵਰ ਨੂੰ ਰੋਕਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਟਰੱਕ ਡਰਾਈਵਰ ਦੀਆਂ ਗਤੀਵਿਧੀਆਂ ਵਿਚ ਕਈ ਅਜਿਹੇ ਸੰਕੇਤ ਦੇਖੇ ਜੋ ਸ਼ੱਕੀ ਸਨ। 27 ਸਾਲਾ ਡਰਾਈਵਰ ਹਰਮਨਦੀਪ ਸਿੰਘ ਨੇ ਆਪਣੇ ਵਾਹਨ ਦੀ ਤਲਾਸ਼ੀ ਲੈਣ ਦੀ ਸਹਿਮਤੀ ਦਿੱਤੀ। ਜਾਂਚ ਦੌਰਾਨ ਟਰੱਕ ਦੇ ਅੰਦਰੋਂ ਕਈ ਡਫਲ ਬੈਗ ਅਤੇ ਗੱਤੇ ਦੇ ਡੱਬੇ ਮਿਲੇ, ਜਿਨ੍ਹਾਂ ਵਿਚ ਲਗਭਗ 178 ਕਿਲੋਗ੍ਰਾਮ ਕੋਕੀਨ ਮੌਜੂਦ ਸੀ।
ਹਰਮਨਦੀਪ ਸਿੰਘ ਕੈਲੀਫੋਰਨੀਆ ਦੇ ਬੇਕਰਸਫੀਲਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਉਹ ਪੁਟਨਮ ਕਾਉਂਟੀ ਜੇਲ ਵਿਚ ਬੰਦ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।