#AMERICA

ਫਰਿਜ਼ਨੋ ਵਿਖੇ ਵਿਸਾਖੀ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ ਦੌਰਾਨ ਗੀਤਕਾਰ ਜਸਬੀਰ ਗੁਣਾਚੌਰੀਆ ਸਣੇ ਨਾਮਵਰ ਸ਼ਖ਼ਸੀਅਤਾਂ ਸਨਮਾਨਿਤ

ਫਰਿਜ਼ਨੋ, 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਬੀਤੇ ਸ਼ੁੱਕਰਵਾਰ ਸਮੂਹ ਯਾਰਾ, ਦੋਸਤਾਂ ਦੇ ਸਹਿਯੋਗ ਨਾਲ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਰੱਖਿਆ ਗਿਆ, ਜਿੱਥੇ ਗੀਤਕਾਰ ਜਸਬੀਰ ਗੌਣਾਚੌਰੀਆ ਨੂੰ ਉਨ੍ਹਾਂ ਦੀ ਸਾਫ਼-ਸੁਥਰੀ ਗੀਤਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਵਿਚ ਪੰਜਾਬੀਅਤ ਦਾ ਨਾਮ ਚਮਕਾਉਣ ਲਈ ਗੁਰਬਖਸ਼ ਸਿੰਘ ਸਿੱਧੂ ਨੂੰ ਵੀ ਸਨਮਾਨ ਦਿੱਤਾ ਗਿਆ।
ਮਿਊਜ਼ਿਕ ਇੰਡਸਟਰੀ ਵਿਚ ਚੰਗੀ ਜਗ੍ਹਾ ਬਣਾ ਚੁੱਕੇ ਪੱਪੀ ਭਦੌੜ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਕਵਿੱਤਰੀ ਡਾ. ਮਨਰੀਤ ਕੌਰ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਮਹਿਫ਼ਲ ਨੂੰ ਹੋਰ ਚਾਰ ਚੰਨ੍ਹ ਲਾਏ। ਇਹ ਸਮਾਗਮ ਖ਼ਾਸ ਕਰਕੇ ਗੀਤਕਾਰ ਜਸਬੀਰ ਗੁਣਾਚੌਰੀਆ ਲਈ ਉਲੀਕਿਆ ਗਿਆ ਸੀ, ਉਨ੍ਹਾਂ ਉਚੇਚੇ ਤੌਰ ‘ਤੇ ਕੈਨੇਡਾ ਤੋ ਚੱਲਕੇ ਇਸ ਸਮਾਗਮ ਵਿਚ ਹਾਜ਼ਰੀ ਭਰੀ।
ਇਹ ਸਮਾਗਮ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਰਿਹਾ। ਪਤਵੰਤਿਆਂ ਨਾਲ ਖਚਾਖਚ ਭਰੇ ਹਾਲ ਅੰਦਰ ਗੀਤਕਾਰ ਜਸਬੀਰ ਗੁਣਾਚੌਰੀਆ, ਗਾਇਕ ਧਰਮਵੀਰ ਥਾਂਦੀ, ਬਹਾਦਰ ਸਿੱਧੂ, ਅਵਤਾਰ ਗਰੇਵਾਲ, ਕਮਲਜੀਤ ਬੈਨੀਪਾਲ, ਯਮਲੇ ਜੱਟ ਦੇ ਸ਼ਗਿਰਦ ਰਾਜ ਬਰਾੜ, ਗੈਰੀ ਢਿੱਲੋਂ, ਡਾ. ਮਨਰੀਤ ਗਰੇਵਾਲ, ਗੋਗੀ ਸੰਧੂ, ਪੱਪੀ ਭਦੌੜ, ਅਨਮੋਲ ਗਰੇਵਾਲ ਆਦਿ ਨੇ ਐਸਾ ਸਮਾਂ ਬੰਨ੍ਹਿਆ ਕਿ ਹਰ ਕੋਈ ਸਾਹ ਰੋਕ ਕੇ ਪ੍ਰੋਗਰਾਮ ਦਾ ਅਨੰਦ ਮਾਣਦਾ ਨਜ਼ਰ ਆਇਆ। ਪੀ.ਸੀ.ਏ. ਮੈਂਬਰ ਸੁਖਬੀਰ ਭੰਡਾਲ ਨੇ ਵਿਸਾਖੀ ਦੇ ਦਿਹਾੜੇ ਦੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਗੱਲਬਾਤ ਕੀਤੀ। ਖਾਲੜਾ ਪਾਰਕ ਵਾਲੇ ਬਾਬਿਆਂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਚਰਨਜੀਤ ਸਿੰਘ ਬਾਠ ਜਸਬੀਰ ਗੁਣਾਚੌਰ ਦੀ ਗੀਤਕਾਰੀ ਦੀ ਤਰੀਫ਼ ਕਰਦਿਆਂ ਕਿਹਾ ਕਿ ਜਸਬੀਰ ਗੁਣਾਚੌਰ ਨੇ ਦਰਜਨਾਂ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲ੍ਹੀ ਪਾਏ ਤੇ ਬਹੁਤ ਸਾਰੇ ਗਾਇਕ ਉਨ੍ਹਾਂ ਦੇ ਗੀਤ ਗਾ ਕੇ ਸਟਾਰ ਬਣ ਗਏ। ਇਸ ਮੌਕੇ ਟਰਾਂਸਪੋਰਟਰ ਖੁਸ਼ ਧਾਲੀਵਾਲ, ਮਿੰਟੂ ਉੱਪਲੀ, ਸਤਨਾਮ ਪ੍ਰਧਾਨ, ਨਾਜ਼ਰ ਸਿੰਘ ਸਹੋਤਾ, ਗੁਰਪ੍ਰੀਤ ਦੌਧਰ, ਨੀਟੂ ਵਡਿਆਲ, ਜਸਪਾਲ ਧਾਲੀਵਾਲ, ਜਗਦੀਪ ਸਿੰਘ, ਜੱਸੀ ਸਟੋਨ ਟਰੱਕਿੰਗ, ਇੰਡੋ ਯੂ.ਐੱਸ.ਏ. ਐਸੋਸੀਏਸ਼ਨ, ਇੰਡੋ ਅਮੈਰਕਿਨ ਹੈਰੀਟੇਜ, ਪੀ.ਸੀ.ਏ., ਜੀ.ਐੱਚ.ਜੀ.,  ਵਿਰਸਾ ਫਾਊਂਡੇਸ਼ਨ ਸੰਸਥਾਵਾਂ ਅਤੇ ਵਾਲੀਬਾਲ ਕਲੱਬ ਫਰਿਜ਼ਨੋ ਆਦਿ ਦੇ ਮੈਂਬਰਾ ਤੋਂ ਬਿਨਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਕੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ।
(ਫੋਟੋ : ਨੀਟਾ ਮਾਛੀਕੇ)

Leave a comment