#AMERICA

ਕੈਲੀਫੋਰਨੀਆ ਦੇ ਬੌਰਨ ਤੋਂ ਗੰਨ ਪੁਆਇੰਟ ‘ਤੇ ਪੰਜਾਬੀ ਡਰਾਈਵਰ ਤੋਂ ਟਰੱਕ ਖੋਹਿਆ

ਬੌਰਨ (ਕੈਲੀਫੋਰਨੀਆ), 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੀ 12 ਅਪ੍ਰੈਲ ਨੂੰ ਕਲੀਵਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋਂ ਬੌਰਨ ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ‘ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ। ਸਤਨਾਮ ਸਿੰਘ ਜੋ ਕਿ ਫਰਿਜ਼ਨੋ ਏਰੀਏ ‘ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ ਕਿ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ‘ਤੇ ਤੇਲ ਪਾਉਣ ਲਈ ਰੁਕਿਆ। ਓਥੇ ਇੱਕ ਮੈਕਸੀਕਨ ਮੂਲ ਦੇ ਬੰਦੇ ਨੇ ਉਸ ਤੋਂ ਰਾਈਡ ਮੰਗੀ, ਤਾਂ ਉਸਨੇ ਆਪਣੀ ਸੇਫਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾ ਕੇ ਉਸਨੂੰ ਮਨਾ ਕਰ ਦਿੱਤਾ। ਜਦੋਂ ਉਹ ਤੇਲ ਭਰਵਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ, ਉਸ ਸਮੇਂ ਜ਼ਿਆਦਾ ਤੌਰ ‘ਤੇ ਟਰੱਕ ਸਟਾਰਟ ਅਤੇ ਅਨਲਾਕ ਹੀ ਹੁੰਦੇ ਨੇ। ਮੌਕਾ ਤਾੜਕੇ ਦੋਸ਼ੀ ਟਰੱਕ ਵਿਚ ਡਰਾਈਵਰ ਸੀਟ ‘ਤੇ ਬੈਠ ਗਿਆ, ਜਦੋਂ ਸਤਨਾਮ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਗੰਨ ਕੱਢ ਲਈ ਅਤੇ ਗੰਨ ਪੁਆਇੰਟ ‘ਤੇ ਟਰੱਕ ਅਗਵਾ ਕਰਕੇ ਲੈ ਗਿਆ। ਜਦੋਂ ਉਸਨੇ ਵੇਖਿਆ ਕਿ ਟਰੱਕ ਲੋਡਿਡ ਹੋਣ ਕਰਕੇ ਬਹੁਤਾ ਭੱਜ ਨਹੀਂ ਰਿਹਾ, ਤਾਂ ਹਾਈਵੇਅ 58 ਈਸਟ ਬੌਡ ‘ਤੇ ਉਸਨੇ ਬਗੈਰ ਲੈਡਿੰਗ ਗੇਅਰ ਡਾਊਨ ਕੀਤਿਆਂ ਟਰੇਲਰ ਸ਼ੋਲਡਰ ‘ਤੇ ਛੱਡ ਦਿੱਤਾ ਤੇ ਇਕੱਲਾ ਬਾਬ ਟੇਲ ਟਰੱਕ ਲੈ ਕੇ ਫਰਾਰ ਹੋ ਗਿਆ, ਪੁਲਿਸ ਕਾਲ ਕੀਤੀ ਗਈ। ਟਰੱਕ ਵਿਚ ਜੀ.ਪੀ.ਐੱਸ. ਲੱਗਿਆ ਹੋਣ ਕਰਕੇ ਪੁਲਿਸ ਨੇ ਵਾਲਵੋ ਟਰੱਕ ਨੂੰ ਮੁਲਜ਼ਮ ਸਮੇਤ ਬਾਰਸਟੋ ਏਰੀਏ ਤੋਂ ਫਰੀਵੇਅ 15 ਤੋਂ ਲੱਭਿਆ ਅਤੇ ਦੋਸ਼ੀ ਨੂੰ ਗੰਨ ਸਮੇਤ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੋਸਤੋ, ਜਦੋਂ ਟਰੱਕ ਸਟਾਪਾਂ ਤੋਂ ਤੇਲ ਵਗੈਰਾ ਪੁਆਉਂਦੇ ਹੋ, ਤਾਂ ਧਿਆਨ ਰੱਖਿਆ ਕਰੋ। ਟਰੱਕ ਵਿਚੋਂ ਭਲਾ ਦੋ ਮਿੰਟ ਲਈ ਬਾਹਰ ਨਿਕਲਣਾ ਹੋਵੇ, ਟਰੱਕ ਨੂੰ ਲਾਕ ਲਾਓ ਅਤੇ ਚੁਕੰਨੇ ਹੋਕੇ ਸਾਰਾ ਕੰਮ ਧੰਦਾ ਕਰੋ, ਕਿਉਂਕਿ ਕ੍ਰਿਮੀਨਲ ਲੋਕਾਂ ਦਾ ਕੋਈ ਪਤਾ ਨਹੀਂ, ਕਦੋਂ ਕਿੱਥੇ ਕਿਸੇ ਘਟਨਾਂ ਨੂੰ ਅੰਜਾਮ ਦੇ ਜਾਣ।

Leave a comment