#INDIA

ਦਿੱਲੀ ਆਬਕਾਰੀ ਘੁਟਾਲਾ: ਅਦਾਲਤ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੀ.ਸੀ.ਟੀ.ਵੀ. ਫੁਟੇਜ ਸੁਰੱਖਿਅਤ ਰੱਖਣ ਦੇ ਹੁਕਮ

ਸਿਸੋਦੀਆ ਨੇ ਅਦਾਲਤ ਅਹਾਤੇ ਵਿਚ ਪੁਲਿਸ ‘ਤੇ ਧੱਕਾਮੁੱਕੀ ਕਰਨ ਦੇ ਲਾਏ ਸਨ ਦੋਸ਼
ਨਵੀਂ ਦਿੱਲੀ, 1 ਜੂਨ (ਪੰਜਾਬ ਮੇਲ)- ਦਿੱਲੀ ਦੀ ਇੱਕ ਅਦਾਲਤ ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਨਾਲ ਅਦਾਲਤ ਅਹਾਤੇ ਵਿਚ ਧੱਕਾਮੁੱਕੀ ਕਰਨ ਦੇ ਮਾਮਲੇ ਵਿਚ ਅੱਜ ਅਧਿਕਾਰੀਆਂ ਨੂੰ 23 ਮਈ ਨੂੰ ਵਾਪਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ। ਸ਼੍ਰੀ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਕਥਿਤ ਆਬਕਾਰੀ ਨੀਤੀ ਘੁਟਾਲੇ ਦੀ ਪੇਸ਼ੀ ਵੇਲੇ ਉਸ ਨਾਲ ਪੁਲਿਸ ਸੁਰੱਖਿਆ ਕਰਮੀਆਂ ਵਲੋਂ ਧੱਕਾਮੁੱਕੀ ਕੀਤੀ ਗਈ। ਇਹ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਸਿਸੋਦੀਆ ਨੂੰ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਨ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ਵੀ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਕਿ ਸਿਸੋਦੀਆ ਨੂੰ ਅਦਾਲਤ ਵਿਚ ਲਿਆਉਣ ਨਾਲ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਸਮਰਥਕ ਇਕੱਠੇ ਹੋ ਜਾਂਦੇ ਹਨ, ਜੋ ਕੰਮ ਵਿਚ ਵਿਘਨ ਪਾਉਂਦੇ ਹਨ।
ਸਪੈਸ਼ਲ ਜੱਜ ਐੱਮ.ਕੇ. ਨਾਗਪਾਲ ਨੇ ਦੋਵਾਂ ਅਰਜ਼ੀਆਂ ‘ਤੇ ਵਿਚਾਰ ਕਰਦਿਆਂ ਸਿਸੋਦੀਆ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਸਿਸੋਦੀਆ ਨੂੰ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ‘ਚ ਪੇਸ਼ ਕੀਤਾ ਗਿਆ। ਕਾਬਲੇਗੌਰ ਹੈ ਕਿ ਈ.ਡੀ. ਵਲੋਂ ‘ਆਪ’ ਆਗੂ ਨੂੰ 9 ਮਾਰਚ ਨੂੰ ਕਥਿਤ ਘੁਟਾਲੇ ‘ਚ ਸ਼ਮੂਲੀਅਤ ਸਬੰਧੀ ਤਿਹਾੜ ਜੇਲ੍ਹ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਪਹਿਲਾਂ ਸੀ.ਬੀ.ਆਈ. ਨੇ ਗ੍ਰਿਫਤਾਰ ਕੀਤਾ ਸੀ, ਜੋ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ।

Leave a comment