#AMERICA

ਖੁਫੀਆ ਰਿਪੋਰਟ ‘ਚ ਖੁਲਾਸਾ; ਚੀਨ ਦੀ ਲੈਬ ਤੋਂ ਹੀ ਫੈਲਿਆ ਸੀ ‘ਕੋਰੋਨਾ ਵਾਇਰਸ’

-ਐੱਫ.ਬੀ.ਆਈ. ਨੇ ਵੀ ਲੈਬ ਲੀਕ ਹੋਣ ਦੀ ਜਤਾਈ ਸੰਭਾਵਨਾ
ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਦੁਨੀਆਂ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ? ਪਿਛਲੇ 3 ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਯੂ.ਐੱਸ. ਦੇ ਊਰਜਾ ਵਿਭਾਗ ਨੇ ਆਪਣੀ ਇੱਕ ਰਿਪੋਰਟ ਵਿਚ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਇੱਕ ਪ੍ਰਯੋਗਸ਼ਾਲਾ ਵਿਚ ਲੀਕ ਹੋਣ ਦਾ ਨਤੀਜਾ ਹੋ ਸਕਦੀ ਹੈ। ਅਮਰੀਕੀ ਅਖ਼ਬਾਰ ਵਾਲ ਸਟਰੀਟ ਜਨਰਲ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵ੍ਹਾਈਟ ਹਾਊਸ ਅਤੇ ਅਮਰੀਕੀ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਖੁਫੀਆ ਰਿਪੋਰਟ ‘ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਰਿਪੋਰਟ ਮੁਤਾਬਕ ਊਰਜਾ ਵਿਭਾਗ ਨੇ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪਹਿਲਾਂ ਵੀ ਕੁਝ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਦੇ ਦਫਤਰ ਦੁਆਰਾ 2021 ਦੇ ਦਸਤਾਵੇਜ਼ ਦੇ ਅਪਡੇਟ ਵਿਚ ਇਹ ਨਵੀਂ ਜਾਣਕਾਰੀ ਦਿੱਤੀ ਗਈ ਹੈ।
ਇਹ ਨਵੀਂ ਰਿਪੋਰਟ ਉਜਾਗਰ ਕਰਦੀ ਹੈ ਕਿ ਕਿਵੇਂ ਖੁਫੀਆ ਕਮਿਊਨਿਟੀ ਦੇ ਵੱਖ-ਵੱਖ ਹਿੱਸੇ ਮਹਾਮਾਰੀ ਦੀ ਸ਼ੁਰੂਆਤ ਬਾਰੇ ਵੱਖੋ-ਵੱਖਰੇ ਸਿੱਟਿਆਂ ‘ਤੇ ਪਹੁੰਚੇ ਹਨ। ਊਰਜਾ ਵਿਭਾਗ ਨੇ ਹੁਣ ਇਸ ਮਾਮਲੇ ਵਿਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੀ ਰਾਏ ਨਾਲ ਸਹਿਮਤੀ ਜਤਾਈ ਹੈ ਕਿ ਚੀਨੀ ਪ੍ਰਯੋਗਸ਼ਾਲਾ ਵਿਚ ਦੁਰਘਟਨਾ ਕਾਰਨ ਵਾਇਰਸ ਫੈਲਣ ਦੀ ਸੰਭਾਵਨਾ ਹੈ। ਹਾਲਾਂਕਿ ਇੱਥੇ ਇਹ ਵੀ ਦੱਸ ਦੇਈਏ ਕਿ ਨੈਸ਼ਨਲ ਇੰਟੈਲੀਜੈਂਸ ਪੈਨਲ ਸਮੇਤ ਚਾਰ ਹੋਰ ਏਜੰਸੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਤੌਰ ‘ਤੇ ਪੈਦਾ ਹੋਇਆ ਹੈ, ਜਦਕਿ ਦੋ ਏਜੰਸੀਆਂ ਇਸ ਮਾਮਲੇ ਵਿਚ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ। ਰਿਪੋਰਟ ਮੁਤਾਬਕ ਊਰਜਾ ਵਿਭਾਗ ਦਾ ਇਹ ਸਿੱਟਾ ਨਵੀਂ ਖੁਫੀਆ ਜਾਣਕਾਰੀ ਦਾ ਨਤੀਜਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਏਜੰਸੀ ਕੋਲ ਕਾਫ਼ੀ ਵਿਗਿਆਨਕ ਮੁਹਾਰਤ ਹੈ ਅਤੇ ਯੂ.ਐੱਸ. ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦੇ ਇੱਕ ਨੈਟਵਰਕ ਦੀ ਨਿਗਰਾਨੀ ਕਰਦੀ ਹੈ, ਜਿਨ੍ਹਾਂ ਵਿਚੋਂ ਕੁਝ ਉੱਨਤ ਜੀਵ ਵਿਗਿਆਨ ਖੋਜ ਕਰਦੇ ਹਨ।
ਹਾਲਾਂਕਿ ਇਸ ਗੁਪਤ ਰਿਪੋਰਟ ਨੂੰ ਪੜ੍ਹਣ ਵਾਲੇ ਲੋਕਾਂ ਮੁਤਾਬਕ ਊਰਜਾ ਵਿਭਾਗ ਨੇ ਇਸ ਦਾ ਸਿੱਟਾ ‘ਘੱਟ ਭਰੋਸੇ’ ਨਾਲ ਦਿੱਤਾ ਹੈ। ਇਸ ਦੇ ਨਾਲ ਹੀ ਐੱਫ.ਬੀ.ਆਈ. ਵੀ ਸਾਲ 2021 ਲਈ ਆਪਣੀ ਇੱਕ ਰਿਪੋਰਟ ਵਿਚ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਕੋਰੋਨਾ ਮਹਾਮਾਰੀ ਇੱਕ ਲੈਬਾਰਟਰੀ ਲੀਕ ਦਾ ਨਤੀਜਾ ਸੀ। ਹਾਲਾਂਕਿ ਏਜੰਸੀ ਨੇ ਆਪਣੇ ਸਿੱਟੇ ਪਿੱਛੇ ਕੋਈ ਠੋਸ ਸਬੂਤ ਨਹੀਂ ਦਿੱਤਾ ਪਰ ਇਹ ਕਹਿੰਦਾ ਹੈ ਕਿ ਉਹ ਅਜੇ ਵੀ ਆਪਣੇ ਸਿੱਟੇ ‘ਤੇ ਕਾਇਮ ਹੈ।

Leave a comment