#PUNJAB

ਅੰਮ੍ਰਿਤਸਰ ਤੋਂ Qatar Airways ਦੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ

ਅੰਮ੍ਰਿਤਸਰ, 2 ਮਈ (ਪੰਜਾਬ ਮੇਲ)-  ਪੰਜਾਬ ਤੋਂ ਕੌਮਾਂਤਰੀ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਤਰ ਏਅਰਵੇਜ਼ ਨੇ ਅਪਰੈਲ ਦੇ ਆਖਰੀ ਹਫ਼ਤੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਇਰਾਨ-ਇਜ਼ਰਾਈਲ ਟਕਰਾਅ ਕਾਰਨ ਕਤਰ ਦਾ ਹਵਾਈ ਖੇਤਰ (Airspace) ਬੰਦ ਹੋਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਏਅਰਲਾਈਨ ਹਫ਼ਤੇ ਵਿੱਚ ਸਿਰਫ਼ ਦੋ ਉਡਾਣਾਂ ਹੀ ਚਲਾ ਰਹੀ ਸੀ। ਜਾਣਕਾਰੀ ਅਨੁਸਾਰ, ਦੋਹਾ ਤੋਂ ਆਉਣ ਵਾਲੀ ਫਲਾਈਟ ਰਾਤ 2:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜਦੋੰਕਿ ਇੱਥੋਂ ਵਾਪਸੀ ਦੀ ਉਡਾਣ ਦੁਪਹਿਰ 3:30 ਵਜੇ ਰਵਾਨਾ ਹੁੰਦੀ ਹੈ। ਇਹ ਸੇਵਾ ਦੋਹਾ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੇ ਪੰਜਾਬੀ ਮੁਸਾਫਰਾਂ ਲਈ ਬੇਹੱਦ ਅਹਿਮ ਮੰਨੀ ਜਾਂਦੀ ਹੈ।

ਇੱਕ ਹੋਰ ਹਾਂ-ਪੱਖੀ ਕਦਮ ਤਹਿਤ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਸ਼ਾਰਜਾਹ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਬਹਾਲ ਕਰ ਦਿੱਤੀਆਂ ਹਨ। ਯੁੱਧ ਕਾਰਨ ਗਲਫ ਦੇਸ਼ਾਂ ਨੂੰ ਜਾਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਹਾਲਾਂਕਿ, ਇੰਡੀਗੋ ਨੇ ਅਜੇ ਤੱਕ ਅੰਮ੍ਰਿਤਸਰ ਤੋਂ ਆਪਣੀ ਸ਼ਾਰਜਾਹ ਸੇਵਾ ਸ਼ੁਰੂ ਨਹੀਂ ਕੀਤੀ ਹੈ, ਜਿਸ ਕਾਰਨ ਦੁਬਈ ਰੂਟ ’ਤੇ ਕੁਝ ਦਿੱਕਤਾਂ ਬਰਕਰਾਰ ਹਨ।

ਮੁਸਾਫਰਾਂ ਦੀ ਸਹੂਲਤ ਲਈ ਕਤਰ ਏਅਰਵੇਜ਼ ਨੇ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਦੀ ਬੁਕਿੰਗ ਵਾਲੇ ਯਾਤਰੀ ਬਿਨਾਂ ਕਿਸੇ ‘ਚੇਂਜ ਫੀਸ’ ਦੇ ਆਪਣੀ ਯਾਤਰਾ ਦੀ ਤਰੀਕ ਬਦਲ ਸਕਦੇ ਹਨ, ਹਾਲਾਂਕਿ ਕਿਰਾਏ ਦਾ ਅੰਤਰ (Fare difference) ਦੇਣਾ ਹੋਵੇਗਾ।

‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਸਮੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਖਾਸ ਕਰਕੇ ਟੋਰਾਂਟੋ, ਮਾਂਟਰੀਅਲ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ।