ਨਿਊਯਾਰਕ, 22 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਦਾ ਰਹਿਣ ਵਾਲਾ ਜੈ ਸੁਨੀਲਭਾਰਤੀ ਗੋਸਵਾਮੀ (21), ਨਿਊ ਜਰਸੀ ਦੇ ਜਰਸੀ ਸਿਟੀ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਕੈਨੇਡਾ ਵਿਚ ਉਸ ਸਮੇਂ ਹਿਰਾਸਤ ਵਿਚ ਲੈ ਲਿਆ ਗਿਆ, ਜਦੋਂ ਉਹ ਕਤਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕੀ ਅਟਾਰਨੀ ਮਾਈਕਲ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ ਗੋਸਵਾਮੀ ‘ਤੇ ਵਾਇਰ ਧੋਖਾਧੜੀ, ਧੋਖਾਧੜੀ ਦੀ ਸਾਜ਼ਿਸ਼, ਮਨੀ ਲਾਂਡਰਿੰਗ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਵਿਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਗੋਸਵਾਮੀ ਨੂੰ 17 ਅਗਸਤ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਰਕ ਪੀਟਰਸਨ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਉਸਨੂੰ ਕੁਝ ਸ਼ਰਤਾਂ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਉਹ ਕੈਨੇਡਾ ਲਈ ਰਵਾਨਾ ਹੋ ਗਿਆ। ਜਾਂਚ ਏਜੰਸੀਆਂ ਨੂੰ ਪਤਾ ਲੱਗਾ ਕਿ ਉਸਨੇ 18 ਅਗਸਤ ਦੀ ਸ਼ਾਮ ਨੂੰ ਟੋਰਾਂਟੋ ਤੋਂ ਕਤਰ ਦੇ ਦੋਹਾ ਲਈ ਇੱਕ ਉਡਾਣ ਟਿਕਟ ਖਰੀਦੀ ਸੀ। ਸੰਯੁਕਤ ਰਾਜ ਅਮਰੀਕਾ ਦੀ ਬੇਨਤੀ ‘ਤੇ, ਕੈਨੇਡੀਅਨ ਅਧਿਕਾਰੀਆਂ ਨੇ ਗੋਸਵਾਮੀ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲੈ ਲਿਆ ਅਤੇ 20 ਅਗਸਤ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ।
ਅਮਰੀਕਾ ‘ਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

