#AMERICA

ਅਮਰੀਕਾ ‘ਚ ਟਰੱਕ ਨੇ ਦੋ ਸਾਈਕਲ ਸਵਾਰਾਂ ਨੂੰ ਕੁਚਲਿਆ ਤੇ ਅਨੇਕਾਂ ਹੋਰ ਜ਼ਖਮੀ; ਡਰਾਈਵਰ ਗ੍ਰਿਫ਼ਤਾਰ

ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਰਾਜ ਵਿਚ ਇਕ ਪਿੱਕਅਪ ਟਰੱਕ ਨੇ ਸਾਈਕਲ ਸਵਾਰਾਂ ਦੇ ਇਕ ਗਰੁੱਪ ‘ਚ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ 2 ਸਾਈਕਲ ਸਵਾਰਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਟੱਰਕ ਨੂੰ ਪੈਡਰੋ ਕੁਇਨਟਾਨਾ ਲੂਜਾਨ (26 ਸਾਲ) ਨਾਮੀ ਵਿਅਕਤੀ ਚਲਾ ਰਿਹਾ ਸੀ, ਜਿਸ ਨੂੰ ਕਤਲ ਤੇ ਹਮਲਾ ਕਰਨ ਸਮੇਤ ਹੋਰ ਕਈ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਗੁੱਡਈਅਰ ਪੁਲਿਸ ਅਨੁਸਾਰ ਇਹ ਹਾਦਸਾ ਪੱਛਮੀ ਫੀਨਿਕਸ ‘ਚ ਤਕਰੀਬਨ 19 ਮੀਲ ਦੂਰ ਕਾਟਨ ਲੇਨ ਬ੍ਰਿਜ ਉਪਰ ਵਾਪਰਿਆ। ਪੁਲਿਸ ਦੇ ਬੁਲਾਰੇ ਲੀਸਾ ਬੇਰੀ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਡਰਾਈਵਰ ਹਾਦਸੇ ਦੀ ਜਾਂਚ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਕ ਸਾਈਕਲ ਸਵਾਰ ਔਰਤ ਮੌਕੇ ਉਪਰ ਹੀ ਦਮ ਤੋੜ ਗਈ, ਜਦਕਿ ਇਕ ਹੋਰ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਗੁੱਡਈਅਰ ਦਾ ਵਸਨੀਕ ਸੀ, ਜਦਕਿ ਦੂਸਰਾ ਹੋਰ ਰਾਜ ਤੋਂ ਆਇਆ ਸੀ। ਪੁਲਿਸ ਨੇ ਮ੍ਰਿਤਕਾਂ ਤੇ ਜ਼ਖਮੀਆਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਹਨ।

Leave a comment