– 37 ਦੋਸ਼ੀਆਂ ਖਿਲਾਫ ਫੈਡਰਲ ਇਲਜ਼ਾਮਨਾਮੇ ਦਾਇਰ
ਲਾਸ ਏਂਜਲਸ, 8 ਜੁਲਾਈ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ (ਡੀ.ਓ.ਜੇ.), ਐੱਫ.ਬੀ.ਆਈ. ਅਤੇ ਕੈਨੇਡਾ ਸਮੇਤ ਕਈ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ”ਆਪਰੇਸ਼ਨ ਹਾਰਡ ਬਾਲ” ਦੇ ਤਹਿਤ ਭਾਰਤ-ਆਧਾਰਿਤ ਸੰਗਠਿਤ ਅਪਰਾਧਿਕ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿਚ 37 ਵਿਅਕਤੀਆਂ ਖ਼ਿਲਾਫ਼ ਤਿੰਨ ਵੱਖ-ਵੱਖ ਫੈਡਰਲ ਇਲਜ਼ਾਮਨਾਮੇ ਦਾਇਰ ਕੀਤੇ ਗਏ ਹਨ, ਜਦਕਿ 24 ਮੁਲਜ਼ਮਾਂ ਨੂੰ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਗਿਰੋਹ ਕਤਲ, ਕਤਲ ਦੀਆਂ ਸਾਜ਼ਿਸ਼ਾਂ, ਫਿਰੌਤੀ, ਧਮਕੀਆਂ, ਨਸ਼ਿਆਂ ਦੀ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਸਰਹੱਦ ਪਾਰ ਸੰਗਠਿਤ ਅਪਰਾਧਾਂ ਵਿਚ ਸ਼ਾਮਲ ਸਨ। ਜਾਂਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਨੈੱਟਵਰਕ ਉੱਤਰੀ ਅਮਰੀਕਾ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਅਤੇ ਡਰ ਦਾ ਮਾਹੌਲ ਪੈਦਾ ਕਰਦੇ ਸਨ।
ਜਾਂਚ ਏਜੰਸੀਆਂ ਨੇ ਦੱਸਿਆ ਕਿ ਇਸ ਕੇਸ ਵਿਚ ਭਾਰਤ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀ ਸਾਥੀ ਗੋਲਡੀ ਬਰਾੜ ਉੱਤੇ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਅਮਰੀਕੀ ਇਲਜ਼ਾਮਨਾਮੇ ਮੁਤਾਬਕ ਦੋਵਾਂ ਨੇ ਜੂਨ 2023 ਵਿਚ ਕੈਨੇਡਾ ਦੇ ਸਰੀ ਸ਼ਹਿਰ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਵਾਉਣ ਦੇ ਹੁਕਮ ਦਿੱਤੇ ਸਨ। ਇਹ ਦੋਸ਼ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਇਸ ਅੰਤਰਰਾਸ਼ਟਰੀ ਕਾਰਵਾਈ ਦੌਰਾਨ ਕੈਲੀਫੋਰਨੀਆ ਵਿਚ 50 ਤੋਂ ਵੱਧ ਛਾਪੇ ਮਾਰੇ ਗਏ। ਸਿਰਫ਼ ਸੈਕਰਾਮੈਂਟੋ ਖੇਤਰ ਵਿਚ 23 ਅਤੇ ਲਾਸ ਏਂਜਲਸ ਖੇਤਰ ਵਿਚ 11 ਸਰਚ ਵਾਰੰਟ ਲਾਗੂ ਕੀਤੇ ਗਏ। ਕਾਰਵਾਈ ਦੌਰਾਨ ਲਗਭਗ 1,000 ਕਿਲੋਗ੍ਰਾਮ ਕੋਕੇਨ, 1 ਕਿਲੋਗ੍ਰਾਮ ਹੈਰੋਇਨ, 12 ਹਥਿਆਰ ਅਤੇ ਕਰੀਬ 40,000 ਡਾਲਰ ਨਕਦ ਵੀ ਬਰਾਮਦ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ 24 ਗ੍ਰਿਫ਼ਤਾਰੀਆਂ ਵਿਚੋਂ 11 ਕੈਲੀਫੋਰਨੀਆ, ਇੱਕ ਇੰਡੀਆਨਾ, ਇੱਕ ਜਾਰਜੀਆ, ਤਿੰਨ ਕੈਨੇਡਾ ਅਤੇ ਇੱਕ ਸਪੇਨ ਤੋਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੱਤ ਦੋਸ਼ੀ ਪਹਿਲਾਂ ਹੀ ਹਿਰਾਸਤ ਵਿਚ ਸਨ, ਜਦਕਿ 10 ਹੋਰ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਇਹ ਕਾਰਵਾਈ ਸਿਰਫ਼ ਨਸ਼ਿਆਂ ਜਾਂ ਹਥਿਆਰਾਂ ਦੀ ਤਸਕਰੀ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਅੰਤਰਰਾਸ਼ਟਰੀ ਗੈਂਗਾਂ ਨੂੰ ਤੋੜਨ ਲਈ ਕੀਤੀ ਗਈ ਹੈ, ਜੋ ਸਰਹੱਦਾਂ ਤੋਂ ਪਰੇ ਕਤਲ, ਫਿਰੌਤੀ ਅਤੇ ਹਿੰਸਕ ਅਪਰਾਧਾਂ ਨੂੰ ਅੰਜਾਮ ਦਿੰਦੀਆਂ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਕਾਰਵਾਈ ਹੋ ਸਕਦੀ ਹੈ।
ਅਮਰੀਕਾ, ਕੈਨੇਡਾ ਤੇ ਯੂਰਪ ਤੋਂ 24 ਗੈਂਗਸਟਰ ਗ੍ਰਿਫ਼ਤਾਰ!

