#PUNJAB

ਸ੍ਰੀ ਦਰਬਾਰ ਸਾਹਿਬ ਗਲਿਆਰਾ ਧਮਾਕੇ ਮਾਮਲਾ: ਮੁਲਜ਼ਮਾਂ ਨੇ ਬੰਬਾਂ ਨਾਲ ਸੁੱਟੇ ਸੀ ਪੱਤਰ

* ਪੱਤਰਾਂ ‘ਚ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਕੀਤੇ ਜ਼ਾਹਰ
ਚੰਡੀਗੜ੍ਹ, 17 ਮਈ (ਪੰਜਾਬ ਮੇਲ)-ਅੰਮ੍ਰਿਤਸਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਸਿਰਫ਼ ਤਿੰਨ ਬੰਬ ਹੀ ਨਹੀਂ ਸੀ ਸੁੱਟੇ ਗਏ, ਬਲਕਿ ਉਨ੍ਹਾਂ ਨੇ ਬੰਬਾਂ ਨਾਲ ਪੱਤਰ ਵੀ ਸੁੱਟੇ ਸਨ, ਜਿਨ੍ਹਾਂ ਵਿਚ ਉਨ੍ਹਾਂ ਨੇ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਜ਼ਾਹਰ ਕੀਤੇ ਸਨ। ਪੁਲਿਸ ਸੂਤਰਾਂ ਅਨੁਸਾਰ ਪਹਿਲੇ ਦੋ ਬੰਬਾਂ ਨਾਲ ਸੁੱਟੇ ਪੱਤਰ ਪੂਰੀ ਤਰ੍ਹਾਂ ਸੜ ਗਏ ਸਨ ਤੇ ਉਨ੍ਹਾਂ ਦੇ ਬਚੇ ਟੁੱਕੜੇ ਹਵਾ ਵਿਚ ਉੱਡ ਗਏ। ਇਸ ਮਗਰੋਂ ਤੀਜੇ ਬੰਬ ਨਾਲ ਸੁੱਟੇ ਗਏ ਪੱਤਰਾਂ ਦੇ ਕੁਝ ਟੁੱਕੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਗੁਰੂ ਰਾਮਦਾਸ ਸਰਾਂ ਦੇ ਪਾਰਕ ਵਿਚੋਂ ਇਕੱਠੇ ਕੀਤੇ ਹਨ। ਇਨ੍ਹਾਂ ਵਿਚ ਮੁਲਜ਼ਮਾਂ ਨੇ ਲੜੀਵਾਰ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਦੱਸੇ ਸਨ।
ਅਧਿਕਾਰੀਆਂ ਅਨੁਸਾਰ ਮੁਲਜ਼ਮ ਆਜ਼ਾਦਵੀਰ ਨੇ ਬੰਬ ਨਾਲ ਸੁੱਟੇ ਗਏ ਪੱਤਰ ਪੰਜਾਬੀ ਵਿਚ ਲਿਖੇ ਸਨ। ਪੱਤਰਾਂ ਮੁਤਾਬਕ ਮੁਲਜ਼ਮ ਉਸ ਬਿਆਨ ਤੋਂ ਪ੍ਰੇਸ਼ਾਨ ਸਨ, ਜਿਸ ਵਿਚ ਕਿਹਾ ਗਿਆ ਸੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਹ ਬਿਆਨ ਉਸ ਵੇਲੇ ਸਾਹਮਣੇ ਆਏ ਸਨ, ਜਦੋਂ ਇਕ ਲੜਕੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੂੰਹ ‘ਤੇ ਕੌਮੀ ਝੰਡਾ ਬਣਾਉਣ ਕਾਰਨ ਉਸ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਜਾਣ ਤੋਂ ਰੋਕਿਆ ਗਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ ਨੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਲਿਖਿਆ ਕਿ ਉਹ ਕੇਸ ਕਟਵਾਉਣ ਦੇ ਖ਼ਿਲਾਫ਼ ਹਨ ਅਤੇ ਵਾਲਾਂ ਨੂੰ ਕੈਂਚੀ ਲਗਵਾਉਣਾ ਗ਼ਲਤ ਹੈ। ਉਹ ਅੰਮ੍ਰਿਤਸਰ ਵਿਚ ਆਸਾਨੀ ਨਾਲ ਵਿਕ ਰਹੇ ਤੰਬਾਕੂ ਕਾਰਨ ਵੀ ਪ੍ਰੇਸ਼ਾਨ ਸਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰੇ ਮੁਲਜ਼ਮ ਕੁਝ ਸਮਾਂ ਪਹਿਲਾਂ ਕੱਟੜਵਾਦ ਵੱਲ ਆਏ ਲੱਗਦੇ ਹਨ ਕਿਉਂਕਿ ਇਨ੍ਹਾਂ ਖ਼ਿਲਾਫ ਕੋਈ ਵੀ ਗੰਭੀਰ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਤਰਾਂ ਦੇ ਸਾਰੇ ਟੁੱਕੜੇ ਨਹੀਂ ਮਿਲ ਸਕੇ ਤੇ ਜੋ ਹਿੱਸੇ ਮਿਲੇ ਹਨ, ਉਨ੍ਹਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਸ ਵਿਚ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਮਨਸ਼ਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਲੱਗ ਰਹੀ ਕਿਉਂਕਿ ਉਨ੍ਹਾਂ ਸਾਰੇ ਬੰਬ ਖਾਲੀ ਥਾਵਾਂ ‘ਤੇ ਸੁੱਟੇ ਹੀ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਕਿਸੇ ਜਥੇਬੰਦੀ ਨਾਲ ਸਬੰਧਤ ਹੋਣ ਦੀ ਗੱਲ ਨਹੀਂ ਮੰਨੀ।
ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਦਰਜ ਕੀਤੀ ਗਈ ਐੱਫ.ਆਈ.ਆਰ. ਵਿਚ ਲਿਖਿਆ ਗਿਆ ਹੈ ਕਿ ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਮੁੱਖ ਸ਼ੱਕੀ ਵਿਅਕਤੀ ਵਿਦੇਸ਼ਾਂ ‘ਚ ਬੈਠੇ ਆਪਣੇ ਮੁਖੀਆਂ ਦੇ ਨਿਰਦੇਸ਼ਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ, ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ। ਇਹ ਐੱਫ.ਆਈ.ਆਰ. ਸਹਾਇਕ ਪੁਲਿਸ ਕਮਿਸ਼ਨਰ (ਕੇਂਦਰੀ) ਸੁਰਿੰਦਰ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤੀ ਗਈ ਹੈ। ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੋਏ ਤੀਜੇ ਧਮਾਕੇ ਦੇ ਸਬੰਧ ਵਿਚ ਦਰਜ ਕੀਤੀ ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਹੋ ਰਹੇ ਸਨ। ਮੁਲਜ਼ਮਾਂ ਵਿਚ ਆਜ਼ਾਦਬੀਰ ਸਿੰਘ ਵਾਸੀ ਵਡਾਲਾ ਕਲਾਂ (ਬਾਬਾ ਬਕਾਲਾ), ਅਮਰੀਕ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਅਮਨ ਐਵੀਨਿਊ, ਧਰਮਿੰਦਰ ਸਿੰਘ ਤੇ ਉਸ ਦੇ ਰਿਸ਼ਤੇਦਾਰ ਹਰਜੀਤ ਸਿੰਘ ਦੋਵੇਂ ਵਾਸੀ 88 ਫੁੱਟੀ ਰੋਡ ਸ਼ਾਮਲ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਵਿਚੋਂ ਚਾਰ ਨਸ਼ੇ ਕਰਨ ਦੇ ਆਦੀ ਹਨ। ਆਜ਼ਾਦਬੀਰ ਤੇ ਧਰਮਿੰਦਰ ਸਿੰਘ, ਦੋਵੇਂ ਸੁਲਤਾਨਵਿੰਡ ਖੇਤਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਰਹਿ ਚੁੱਕੇ ਹਨ। ਅਮਰੀਕ ਸਿੰਘ ਅਤੇ ਹਰਜੀਤ ਸਿੰਘ ਵੀ ਨਸ਼ੇ ਕਰਨ ਦੇ ਆਦੀ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਜ਼ਾਦਬੀਰ ਸਿੰਘ ਤੇ ਅਮਰੀਕ ਸਿੰਘ ਨੇ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਧਮਾਕਾਖੇਜ਼ ਸਮੱਗਰੀ ਤੋਂ ਬੰਬ ਬਣਾਉਣਾ ਧਰਮਿੰਦਰ ਸਿੰਘ ਤੋਂ ਸਿੱਖਿਆ ਸੀ।

ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ‘ਚ ਸੁਰੱਖਿਆ ਪ੍ਰਬੰਧ ਵਧਾਏ

ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਨਵਾਂ ਮਹਿਲਾ ਸਟਾਫ ਸ਼ਰਧਾਲੂਆਂ ਦੇ ਸਾਮਾਨ ਦੀ ਜਾਂਚ ਕਰਦਾ ਹੋਇਆ।

ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਵਿਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ‘ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
ਇਸ ਧਰਮ ਅਸਥਾਨ ‘ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ, ਜਿਨ੍ਹਾਂ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਜੋੜਾਘਰ ਨੇੜੇ ਇਕ ਵੱਡੇ ਆਕਾਰ ਦੀ ਐੱਲ.ਈ.ਡੀ. ਵੀ ਲਗਾਈ ਗਈ ਹੈ, ਜੋ ਬਹੁ-ਭਾਸ਼ਾਈ ਸ਼ਬਦਾਂ ਤੇ ਆਵਾਜ਼ ਵਿਚ ‘ਕੀ ਕਰਨਾ ਅਤੇ ਕੀ ਨਾ ਕਰਨਾ’ ਬਾਰੇ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਐੱਲ.ਈ.ਡੀ. ਰਾਹੀਂ ਧਾਰਮਿਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਮਹੱਤਤਾ ਨੂੰ ਦਰਸਾਉਂਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਅਕਾਲ ਤਖ਼ਤ, ਇਤਿਹਾਸਕ ‘ਦੁੱਖ ਭੰਜਨੀ ਬੇਰੀ’, ‘ਬੇਰ ਬਾਬਾ ਬੁੱਢਾ ਸਾਹਿਬ’ ਅਤੇ ਲਾਚੀ ਬੇਰ ਵਰਗੇ ਹੋਰ ਮਹੱਤਵਪੂਰਨ ਸਥਾਨਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪਹਿਲਾਂ ਹੀ ਵੱਖਰੇ ਪੱਕੇ ਬੋਰਡ ਲਾਏ ਹੋਏ ਹਨ, ਜਿਨ੍ਹਾਂ ‘ਤੇ ਗੁਰੂ ਘਰ ਵਿਚ ਸਿਗਰਟ, ਤੰਬਾਕੂ ਜਾਂ ਕੋਈ ਵੀ ਨਸ਼ਾ ਕਰਨ ਵਾਲੀ ਵਸਤੂ ਨਾ ਲਿਜਾਣ ਬਾਰੇ ਲਿਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਾਰੇ ਕਦਮ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸਕੈਨਰ ਅਤੇ ਹੋਰ ਸੀ.ਸੀ.ਟੀ.ਵੀ. ਲਗਾਉਣ ਦੀ ਵੀ ਯੋਜਨਾ ਹੈ। ਪਹਿਲਾਂ ਵੀ ਇਥੇ ਵੱਡੀ ਗਿਣਤੀ ‘ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਅਤੇ ਹੁਣ ਗਲਿਆਰੇ ਵਿਚ ਵੀ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਹਿਲਾ ਮੁਲਾਜ਼ਮ ਪ੍ਰਵੇਸ਼ ਦੁਆਰਾਂ ‘ਤੇ ਮਹਿਲਾ ਸੈਲਾਨੀਆਂ ਦੇ ਸਾਮਾਨ ਦੀ ਜਾਂਚ ਕਰਨਗੇ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਵਿਚ ਵੀ ਇਹੀ ਸੁਰੱਖਿਆ ਪ੍ਰਕਿਰਿਆ ਅਪਣਾਈ ਜਾਵੇਗੀ।

Leave a comment