#AMERICA

ਟੈਕਸਾਸ ਦੇ ਤੱਟੀ ਖੇਤਰ ‘ਚ ਆਏ ਜ਼ਬਰਦਸਤ ਤੂਫਾਨ ਵਿਚ 1 ਮੌਤ; ਅਨੇਕਾਂ ਹੋਰ ਜ਼ਖਮੀ

ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਦੱਖਣੀ ਤੱਟ ਦੇ ਨਾਲ ਮੈਕਸੀਕੋ ਸਰਹੱਦ ਨੇੜੇ ਆਏ ਜ਼ਬਰਦਸਤ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਤੇ ਅਨੇਕਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਕੈਮਰੋਨ ਕਾਊਂਟੀ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਕੈਮਰੋਨ ਕਾਊਂਟੀ ਜੱਜ ਏਡੀ ਟਰੈਵਿਨੋ ਜੁਨੀਅਰ ਨੇ ਕਿਹਾ ਹੈ ਕਿ ਤੂਫਾਨ ਕਾਰਨ ਇਕ ਮੋਬਾਇਲ ਘਰ ਦੇ ਤਬਾਹ ਹੋ ਜਾਣ ਦੇ ਸਿੱਟੇ ਵਜੋਂ ਇਕ ਵਿਅਕਤੀ ਮਾਰਿਆ ਗਿਆ। ਉਨ੍ਹਾਂ ਕਿਹਾ ਕਿ 12 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਹਾਲਾਂਕਿ ਉਨ੍ਹਾਂ ਦੇ ਜ਼ਖਮ ਜਾਨਲੇਵਾ ਨਜ਼ਰ ਨਹੀਂ ਆ ਰਹੇ। ਕੌਮੀ ਮੌਸਮ ਸੇਵਾ ਨੇ ਤੂਫਾਨ ਕਾਰਨ ਹੋਏ ਨੁਕਸਾਨ ਬਾਰੇ ਮੁੱਢਲੇ ਜਾਇਜ਼ੇ ਵਿਚ ਕਿਹਾ ਹੈ ਕਿ ਸੰਭਾਵੀ 86 ਮੀਲ ਤੋਂ 110 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਤੂਫਾਨ ਕਾਰਨ ਕਈ ਘਰ ਨੁਕਸਾਨੇ ਗਏ ਹਨ। ਕੌਮੀ ਮੌਸਮ ਸੇਵਾ ਅਨੁਸਾਰ ਇਸ ਖੇਤਰ ‘ਚ ਤੂਫਾਨ ਬਹੁਤ ਘੱਟ ਆਉਂਦੇ ਹਨ ਤੇ ਆਮ ਤੌਰ ‘ਤੇ ਕਈ ਸਾਲਾਂ ਬਾਅਦ ਤੂਫਾਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪੋਰਟ ਈਸਾਬੈਲ ‘ਚ 38 ਲੋਕਾਂ ਨੂੰ ਆਰਜੀ ਪਨਾਹ ਦਿੱਤੀ ਗਈ ਹੈ ਤੇ ਕਾਊਂਟੀ ਹੰਗਾਮੀ ਸਥਿੱਤੀ ਐਲਾਣਨ ਬਾਰੇ ਵਿਚਾਰ ਕਰ ਰਹੀ ਹੈ।

Leave a comment