#PUNJAB

ਸੁਖਪਾਲ ਖਹਿਰਾ ਵੱਲੋਂ ‘ਆਪ’ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼

-ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰਕੇ ਸੌਂਪੀਆਂ ਵੀਡੀਓ ਕਲਿਪਾਂ
ਚੰਡੀਗੜ੍ਹ, 2 ਮਈ (ਪੰਜਾਬ ਮੇਲ)- ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਮ ਆਦਮੀ ਪਾਰਟੀ’ ਦੇ ਇੱਕ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਮੰਤਰੀ ਦੀਆਂ ਦੋ ਵੀਡੀਓ ਕਲਿਪ ਵੀ ਸੌਂਪੇ ਹਨ। ਉਨ੍ਹਾਂ ਵੀਡੀਓ ਕਲਿਪਿੰਗਾਂ ਦੀ ਫੋਰੈਂਸਿਕ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ‘ਚ ਜੇਕਰ ਇਨ੍ਹਾਂ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਮੰਤਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।
ਕਾਂਗਰਸੀ ਵਿਧਾਇਕ ਨੇ ਜਿਵੇਂ ਹੀ ਆਪਣੇ ਟਵਿੱਟਰ ਖਾਤੇ ‘ਤੇ ਰਾਜਪਾਲ ਨਾਲ ਮੁਲਾਕਾਤ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ, ਤਾਂ ਸਿਆਸੀ ਹਲਕੇ ਇਸ ਦਾ ਭੇਤ ਜਾਣਨ ਲਈ ਕਾਹਲੇ ਪੈ ਗਏ ਕਿ ਆਖ਼ਰ ਇਹ ਮੰਤਰੀ ਕੌਣ ਹੈ। ਖਹਿਰਾ ਵੱਲੋਂ ਜਲੰਧਰ ਜ਼ਿਮਨੀ ਚੋਣ ਦੀਆਂ ਵੋਟਾਂ ਤੋਂ ਪਹਿਲਾਂ ਰਾਜਪਾਲ ਨੂੰ ਵੀਡੀਓ ਕਲਿਪਿੰਗਾਂ ਸੌਂਪੀਆਂ ਗਈਆਂ ਹਨ, ਜਿਸ ਦੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਉਨ੍ਹਾਂ ਕਿਸੇ ਮੰਤਰੀ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਇਹ ਜ਼ਰੂਰ ਆਖਿਆ ਕਿ ਰਾਜਪਾਲ ਨੇ ਇਸ ਮਾਮਲੇ ਨੂੰ ਘੋਖਣ ਦਾ ਪੂਰਾ ਭਰੋਸਾ ਦਿੱਤਾ ਹੈ।
ਉਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਕਿਹਾ, ”ਪੰਜਾਬ ਵਿਚ ‘ਆਪ’ ਦੀ ਇੱਕ ਹੋਰ ਵਿਕਟ ਡਿੱਗਣ ਵਾਲੀ ਹੈ ਅਤੇ ਮੁੱਖ ਮੰਤਰੀ ਨੂੰ ਇੱਕ ਮੰਤਰੀ ਨੂੰ ਬਰਖ਼ਾਸਤ ਕਰਨ ਲਈ ਮਜਬੂਰ ਕੀਤਾ ਜਾਵੇਗਾ।” ਇਸੇ ਤਰ੍ਹਾਂ ਖਹਿਰਾ ਨੇ ਇੱਕ ਵੱਖਰੀ ਸ਼ਿਕਾਇਤ ਦੇ ਕੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ‘ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਜ਼ਦੀਕੀ ਰਿਸ਼ਤੇਦਾਰ ਆਪਣੇ ਦਫ਼ਤਰੀ ਸਟਾਫ਼ ਵਿਚ ਨਿਯੁਕਤ ਕੀਤੇ ਹਨ। ਕਟਾਰੂਚੱਕ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਆਪਣੇ ਸਟਾਫ਼ ਵਿਚ ਕੋਈ ਗ਼ੈਰ-ਸੰਵਿਧਾਨਕ ਨਿਯੁਕਤੀਆਂ ਨਹੀਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਖਹਿਰਾ ਸਿਆਸੀ ਲਾਹੇ ਲਈ ਇਸ ਨੂੰ ਸਨਸਨੀਖ਼ੇਜ਼ ਮੁੱਦਾ ਬਣਾ ਰਹੇ ਹਨ। ਦੱਸਣਯੋਗ ਹੈ ਕਿ ਖਹਿਰਾ ਨੇ ਆਪਣੇ ਉਪਰ ਇੱਕ ਮਾਮਲਾ ਦਰਜ ਹੋਣ ਉਪਰੰਤ ਇਹ ਦੋਸ਼ ਲਗਾਏ ਹਨ।

Leave a comment