#AMERICA

ਅਮਰੀਕੀ ਇਤਿਹਾਸ ‘ਚ ਕਿਸੇ ਹੋਰ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਸਭ ਤੋਂ ਵੱਡਾ ਮਿਸ਼ਨ

– ਯੂਕਰੇਨ ਨੂੰ ਹੁਣ ਤੱਕ 2.90 ਲੱਖ ਕਰੋੜ ਰੁਪਏ ਦੇ ਹਥਿਆਰਾਂ ਦੀ ਕੀਤੀ ਸਪਲਾਈ
ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਰੱਖਿਆ ਵਿਭਾਗ ਪੈਂਟਾਗਨ ਅਨੁਸਾਰ ਅਮਰੀਕਾ ਦੇ ਇਤਿਹਾਸ ਵਿਚ ਕਿਸੇ ਹੋਰ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਇਹ ਸਭ ਤੋਂ ਵੱਡਾ ਅਧਿਕਾਰਤ ਮਿਸ਼ਨ ਹੈ। ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ 1400 ਤੋਂ ਵੱਧ ਟਰੱਕਾਂ, 230 ਹਵਾਈ ਜਹਾਜ਼ਾਂ ਅਤੇ 11 ਮਾਲ-ਵਾਹਕ ਜਹਾਜ਼ਾਂ ਰਾਹੀ ਯੂਕਰੇਨ ਨੂੰ ਹਥਿਆਰ ਭੇਜੇ ਜਾ ਚੁੱਕੇ ਹਨ। ਦੱਸ ਦੇਈਏ ਕਿ 24 ਫਰਵਰੀ 2022 ਨੂੰ ਰੂਸੀ ਵੱਲੋ ਕੀਤੇ ਗਏ ਹਮਲੇ ਤੋਂ ਬਾਅਦ ਅਮਰੀਕਾ ਨੇ ਯੂਕਰੇਨ ਨੂੰ 2.90 ਲੱਖ ਕਰੋੜ ਰੁਪਏ ਤੋਂ ਵੱਧ ਦੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਇਹ 24 ਕਰੋੜ ਰੁਪਏ ਪ੍ਰਤੀ ਘੰਟਾ ਦੇ ਬਰਾਬਰ ਹੈ।
ਗ੍ਰੇਗ ਹਰਟਲ ਅਮਰੀਕਾ ਦੀਆਂ ਸੜਕਾਂ ਦੇ ਵਿਚਕਾਰੋਂ ਲੰਘਦੇ 18 ਵ੍ਹੀਲਰ ਟਰੱਕਾਂ ‘ਤੇ ਆਪਣੇ ਕੰਪਿਊਟਰਾਂ ਰਾਹੀ ਨਜ਼ਰ ਰੱਖ ਰਿਹਾ ਹੈ। ਟਰੱਕ ਸੈਟੇਲਾਈਟ ਟਰੈਕਿੰਗ ਡਿਵਾਇਸ ਰਾਹੀ ਪੂਰਾ ਡਾਟਾ ਸਕਾਰਟ ਏਅਰ ਫੋਰਸ ਬੇਸ ‘ਤੇ ਉਨ੍ਹਾਂ ਦੇ ਕਮਾਂਡ ਸੈਂਟਰ ਤੱਕ ਪਹੁੰਚਾ ਰਹੇ ਹਨ। ਹਰਟਲ ਯੂਕਰੇਨ ਭੇਜੇ ਜਾਣ ਵਾਲੇ 155 ਐੱਮ. ਐੱਮ ਤੋਪਖਾਨੇ ਦੇ ਗੋਲੇ ਲੈ ਕੇ ਜਾਣ ਵਾਲੇ ਕਾਫ਼ਲੇ ਦੀ ਹਰੇਕ ਗਤੀਵਿਧੀ ਨੂੰ ਵੇਖ ਰਿਹਾ ਹੈ।
ਦੱਸ ਦੇਈਏ ਕਿ ਅਮਰੀਕਾ ਸ਼ੀਤ ਯੁੱਧ ਦੇ ਸਮੇਂ ਦੇ ਹਥਿਆਰਾਂ ਦੀਆਂ ਫੈਕਟਰੀਆਂ ਵਿਚ ਉਤਪਾਦਨ ਮੁੜ ਸ਼ੁਰੂ ਕਰ ਰਿਹਾ ਹੈ। 1951 ਵਿਚ ਅਮਰੀਕਾ ਵਿਚ 86 ਮਿਲਟਰੀ ਅਸਲਾ ਪਲਾਂਟ ਚੱਲ ਰਹੇ ਸਨ ਅਤੇ ਹੁਣ ਸਿਰਫ਼ ਪੰਜ ਕੰਮ ਕਰ ਰਹੇ ਹਨ। ਪੈਨਸਿਲਵੇਨੀਆ ਵਿਚ ਸਕ੍ਰੈਂਟਨ ਆਰਮੀ ਐਮੂਨੀਸ਼ਨ ਪਲਾਂਟ ਵਿਚ ਤੋਪਖਾਨੇ ਦੇ ਗੋਲੇ ਵੱਡੇ ਪੱਧਰ ‘ਤੇ ਤਿਆਰ ਕੀਤੇ ਜਾ ਰਹੇ ਹਨ। ਪੈਂਟਾਗਨ ਨੇ ਪਿਛਲੇ ਸਾਲ 155 ਐੱਮ.ਐੱਮ. ਹਾਵਿਟਜ਼ਰ ਤੋਪਾਂ ਦਾ ਉਤਪਾਦਨ 14 ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 24 ਹਜ਼ਾਰ ਕਰ ਦਿੱਤਾ ਹੈ। ਹੁਣ 2028 ਤੱਕ ਇਸ ਨੂੰ ਵਧਾ ਕੇ 85 ਹਜ਼ਾਰ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ 4,600 ਯੂਕਰੇਨੀ ਸੈਨਿਕਾਂ ਅਤੇ ਦੋ ਬ੍ਰਿਗੇਡਾਂ ਨੂੰ ਅਮਰੀਕਾ ਦੇ ਬ੍ਰੈਡਲੀ ਅਤੇ ਸਟ੍ਰਾਈਕਰ ਤੋਪਖਾਨੇ ਦੇ ਵਾਹਨਾਂ ਨੂੰ ਚਲਾਉਣ ਲਈ ਸਿਖਲਾਈ ਦਿੱਤੀ ਗਈ ਹੈ। ਹਜ਼ਾਰਾਂ ਸੈਨਿਕਾਂ ਦੀ ਯੂਕਰੇਨ ਦੀਆਂ ਨੌਂ ਬ੍ਰਿਗੇਡਾਂ ਆਧੁਨਿਕ ਪੱਛਮੀ ਹਥਿਆਰਾਂ ਨਾਲ ਲੈਸ ਹਨ, ਜਿਨ੍ਹਾਂ ਵਿਚ 200 ਟੈਂਕ, 152 ਤੋਪਖਾਨੇ ਅਤੇ 867 ਬਖਤਰਬੰਦ ਵਾਹਨ ਸ਼ਾਮਲ ਹਨ।

Leave a comment