ਸਿਰਸਾ, 12 ਜੂਨ (ਪੰਜਾਬ ਮੇਲ)- ਜ਼ਿਲ੍ਹਾ ਸਿਰਸਾ ਦੇ ਕਈ ਪਿੰਡਾਂ ਵਿਚ ਭਾਜਪਾ-ਜਜਪਾ ਨੇਤਾਵਾਂ ਦੇ ਦਾਖ਼ਲ ਨਾ ਹੋਣ ਦੇਣ ਸਬੰਧੀ ਚਿਤਾਵਨੀ ਬੋਰਡ ਲਾਏ ਗਏ ਹਨ। ਸਰਪੰਚ ਐਸੋਸੀਏਸ਼ਨ ਵੱਲੋਂ ਲਾਏ ਗਏ ਇਨ੍ਹਾਂ ਚਿਤਾਵਨੀ ਬੋਰਡਾਂ ‘ਤੇ ਕਿਸਾਨਾਂ ‘ਤੇ ਲਾਠੀਚਾਰਜ, ਖਿਡਾਰੀਆਂ ‘ਤੇ ਲਾਠੀਚਾਰਜ ਤੇ ਸਰਪੰਚਾਂ ‘ਤੇ ਲਾਠੀਚਾਰਜ ਦਾ ਜ਼ਿਕਰ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਸਰਪੰਚ ਸੰਤੋਸ਼ ਬੈਨੀਵਾਲ ਨੇ ਕਿਹਾ ਕਿ ਜਦੋਂ ਤੱਕ ਸਰਪੰਚਾਂ ਦੀਆਂ ਮੰਗਾਂ ਤੋਂ ਇਲਾਵਾ ਕਿਸਾਨਾਂ ਤੇ ਖਿਡਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਭਾਜਪਾ-ਜਜਪਾ ਦੇ ਕਿਸੇ ਵੀ ਆਗੂ ਨੂੰ ਪਿੰਡ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਗਾਮੀ 18 ਜੂਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਰਸਾ ਪ੍ਰਸਤਾਵਿਤ ਰੈਲੀ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।