ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ/ਪੰਜਾਬ ਮੇਲ)- ਅਮਰੀਕਾ ਦੇ ਆਜ਼ਾਦੀ ਦਿਹਾੜੇ 4 ਜੁਲਾਈ ਦਾ ਜਸ਼ਨ ਮਨਾਉਂਦਿਆਂ ਵਾਪਰੀ ਇਕ ਘਟਨਾ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਆਟਲ ਦੇ ਰੈੱਡਮੰਡ ਸ਼ਹਿਰ ‘ਚ ‘ਆਪਣਾ ਪੀਜ਼ਾ’ ਚਲਾਉਂਦਾ 32 ਸਾਲਾ ਨੌਜਵਾਨ 4 ਜੁਲਾਈ ਨੂੰ ਰਾਤ ਤਕਰੀਬਨ 2 ਵਜੇ ਜਦੋਂ ਆਪਣੀ ਦੁਕਾਨ ਬੰਦ ਕਰਕੇ ਆਪਣੀ ਪਤਨੀ ਨਾਲ ਘਰ ਜਾਣ ਲੱਗਾ, ਤਾਂ ਉਸ ਨੇ ਅਤੇ ਉਸ ਦੇ ਦੋ ਮੁਲਾਜ਼ਮ ਨੌਜਵਾਨਾਂ ਨੇ ਪਾਰਕਿੰਗ ‘ਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਪੀਜ਼ਾ ਮਾਲਕ ਨੇ ਇਕ ਪਟਾਕਾ ਆਪਣੇ ਸਿਰ ‘ਤੇ ਰੱਖ ਲਿਆ। ਉਸ ਦੀ ਘਰਵਾਲੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪਰ ਉਸ ਨੌਜਵਾਨ ਨੇ ਵੱਡਾ ਧਮਾਕੇਦਾਰ ਪਟਾਕਾ ਆਪਣੇ ਸਿਰ ‘ਤੇ ਰੱਖ ਕੇ ਲਾਈਟਰ ਨਾਲ ਅੱਗ ਲਗਾਈ, ਤਾਂ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਉਸ ਦਾ ਸਿਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸ ਦੇ ਹੱਥ ਦੀਆਂ ਤਿੰਨ ਉਂਗਲਾਂ ਵੀ ਉੱਡ ਗਈਆਂ ਤੇ ਉਹ ਉਥੇ ਹੀ ਡਿੱਗ ਪਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਨੌਜਵਾਨ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਸ਼ਹਿਰ ਨਾਲ ਸੰਬੰਧਤ ਸੀ ਤੇ ਤਕਰੀਬਨ 20 ਸਾਲਾਂ ਤੋਂ ਸਿਆਟਲ ‘ਚ ਰਹਿ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਲੜਕਾ ਤੇ ਲੜਕੀ ਛੱਡ ਗਿਆ ਹੈ।