ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ‘ਤੇ ਚੀਨ ਦੇ ਆਗੂ ਸ਼ੀ ਜਿਨਪਿੰਗ ਲਈ ਦਲਾਲੀ ਤੇ ਚਾਪਲੂਸੀ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਮੈਕਰੋਂ ਹਾਲ ਹੀ ਵਿਚ ਚੀਨ ਦੇ ਦੌਰੇ ਉਤੇ ਗਏ ਸਨ ਤੇ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ।
ਦੱਸਣਯੋਗ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਚੀਨ ਨਾਲ ਕਾਫ਼ੀ ਟੱਕਰ ਲਈ ਸੀ, ਹਾਲਾਂਕਿ ਉਹ ਸ਼ੀ ਨੂੰ ‘ਆਪਣਾ ਚੰਗਾ ਮਿੱਤਰ’ ਵੀ ਕਹਿੰਦੇ ਰਹੇ। ਟਰੰਪ ਨੇ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਦੀ ਵਿਦੇਸ਼ ਨੀਤੀ ਨੇ ਰੂਸ, ਉੱਤਰ ਕੋਰੀਆ ਤੇ ਚੀਨ ਨੂੰ ਫਾਇਦਾ ਦਿੱਤਾ ਹੈ ਤੇ ਅਮਰੀਕਾ ਨੂੰ ਵਿਸ਼ਵ ਦੇ ਆਗੂ ਵਜੋਂ ਖੂੰਜੇ ਲਾਇਆ ਹੈ। ‘ਫੌਕਸ ਨਿਊਜ਼’ ਨਾਲ ਇਕ ਇੰਟਰਵਿਊ ਵਿਚ ਟਰੰਪ ਨੇ ਕਿਹਾ, ”ਮੈਕਰੋਂ, ਜੋ ਮੇਰਾ ਚੰਗਾ ਮਿੱਤਰ ਹੈ, ਚੀਨ ਜਾ ਕੇ ਜਿਨਪਿੰਗ ਦੀ ਚਾਪਲੂਸੀ ਕਰ ਰਿਹਾ ਹੈ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਉੱਤੇ ਵੀ ਕਈ ਆਗੂਆਂ ਦੇ ਨੇੜੇ ਹੋਣ ਲਈ ਤਨਜ਼ ਕੱਸੇ ਜਾਂਦੇ ਰਹੇ ਹਨ। ਇਨ੍ਹਾਂ ਵਿਚ ਵਲਾਦੀਮੀਰ ਪੂਤਿਨ ਤੇ ਕਿਮ ਜੌਂਗ-ਉਨ ਸ਼ਾਮਲ ਸਨ।
ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਫਰਾਂਸੀਸੀ ਰਾਸ਼ਟਰਪਤੀ ‘ਤੇ ਚੀਨ ਦੀ ਚਾਪਲੂਸੀ ਕਰਨ ਦਾ ਦੋਸ਼
