#AMERICA

ਅਮਰੀਕਾ ‘ਚ ਗਰਭਪਾਤ ਦੀ ਗੋਲੀ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼

-2 ਜੱਜਾਂ ਦੇ ਫ਼ੈਸਲੇ ਨੇ ਖੜ੍ਹਾ ਕੀਤਾ ਹੰਗਾਮਾ
ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਟੈਕਸਾਸ ਅਤੇ ਵਾਸ਼ਿੰਗਟਨ ‘ਚ ਗਰਭਪਾਤ ਦੀ ਗੋਲੀ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼ ਹੋ ਗਈ ਹੈ। ਕਾਰਨ ਇਹ ਹੈ ਕਿ ਇਸ ਕੇਸ ਵਿਚ ਸੰਘੀ ਜੱਜਾਂ ਦੇ 2 ਵੱਖ-ਵੱਖ ਫ਼ੈਸਲੇ ਹਨ। ਇਹ ਕੇਸ ਗਰਭਪਾਤ ਦੀ ਗੋਲੀ ਮਿਫੇਪ੍ਰਿਸਟੋਨ ਬਾਰੇ ਹੈ, ਜਿਸ ਨੂੰ ਲੈ ਕੇ ਕਾਨੂੰਨੀ ਲੜਾਈ ਉਸ ਸਮੇਂ ਤੇਜ਼ ਹੋ ਗਈ, ਜਦੋਂ ਪਿਛਲੇ ਸਾਲ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਪਹਿਲੇ ਫ਼ੈਸਲੇ ਨੂੰ ਪਲਟ ਦਿੱਤਾ ਸੀ ਅਤੇ ਹੁਕਮ ਦਿੱਤਾ ਸੀ ਕਿ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿਚ ਔਰਤਾਂ ਲਈ ਗਰਭਪਾਤ ਦਾ ਅਧਿਕਾਰ ਕਾਨੂੰਨੀ ਹੋਵੇ ਜਾਂ ਨਾ, ਬਾਰੇ ਵੱਖਰੇ ਨਿਯਮ ਬਣਾਏ ਜਾ ਸਕਦੇ ਹਨ।
ਹੁਣ ਇਸ ਮਾਮਲੇ ‘ਚ ਟੈਕਸਾਸ ਦੇ ਸੰਘੀ ਜੱਜ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਗਰਭਪਾਤ ਦੀ ਗੋਲੀ ਨੂੰ ਲੈ ਕੇ ਦਿੱਤੀ ਗਈ ਮਨਜ਼ੂਰੀ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਨਿਆਂ ਵਿਭਾਗ ਨੂੰ ਇਸ ਮਾਮਲੇ ਵਿਚ ਅਪੀਲ ਕਰਨ ਲਈ 7 ਦਿਨ ਦਾ ਸਮਾਂ ਦੇਣਾ ਹੈ। ਦੂਜੇ ਪਾਸੇ, ਸ਼ੁੱਕਰਵਾਰ ਰਾਤ ਨੂੰ ਵਾਸ਼ਿੰਗਟਨ ਰਾਜ ਦੇ ਇਕ ਸੰਘੀ ਜੱਜ ਨੇ ਕਿਹਾ ਕਿ ਐੱਫ.ਡੀ.ਏ. ਨੂੰ ਘੱਟੋ-ਘੱਟ 12 ਰਾਜਾਂ ਵਿਚ ਗਰਭਪਾਤ ਦੀ ਗੋਲੀ ਰੱਖਣੀ ਚਾਹੀਦੀ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਈ ਥਾਵਾਂ ‘ਤੇ ਪ੍ਰਦਰਸ਼ਨ ਹੋਏ ਸਨ। ਇਹ ਪ੍ਰਦਰਸ਼ਨ ਇਸ ਲਈ ਕੀਤੇ ਗਏ ਕਿਉਂਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਅੱਧੇ ਤੋਂ ਵੱਧ ਰਾਜ ਗਰਭਪਾਤ ਕਾਨੂੰਨ ਨੂੰ ਲੈ ਕੇ ਪਾਬੰਦੀਆਂ ਲਾਗੂ ਕਰ ਸਕਦੇ ਹਨ।

Leave a comment