#AMERICA

ਸ਼ਾਰਲਟ ਵਿਖੇ ਕਰਵਾਇਆ ਗਿਆ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2023

ਸ਼ਾਰਲਟ, 23 ਅਗਸਤ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਸਿੱਖ ਯੂਥ ਅਲਾਇੰਸ ਆਫ਼ ਨੌਰਥ ਅਮਰੀਕਾ (ਸਿਆਨਾ) ਵਲੋਂ ਸਾਲਾਨਾ ਤਿੰਨ ਰੋਜ਼ਾ ਸਾਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਮੁਕਾਬਲੇ ਨੌਰਥ ਕੈਰੋਲਾਈਨਾ ਦੇ ਸ਼ਹਿਰ ਸ਼ਾਰਲਟ ਵਿਖੇ ਆਯੋਜਿਤ ਕੀਤੇ ਗਏ। ਗੁਰਦੁਆਰਾ ਸਾਹਿਬ ਸ਼ਾਰਲਟ ਵਿਖੇ ਹੋਏ ਪ੍ਰੋਗਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 60 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ।
ਸਿਮਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਗਰੁੱਪ ਇੱਕ ਤੋਂ ਤਿੰਨ ਤੱਕ ਦੇ ਫਾਈਨਲ ਵਿਚ ਪਹੁੰਚੇ ਬੱਚਿਆਂ ਦੇ ਭਾਸ਼ਨ ਹੋਏ। ਦੂਜੇ ਦਿਨ, ਚੌਥੇ ਗਰੁੱਪ ਦੇ ਭਾਸ਼ਣ ਉਪਰੰਤ ਪੰਜਵੇਂ ਗਰੁੱਪ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ 9 ਨੌਜਵਾਨ ਮੁੰਡੇ ਅਤੇ ਕੁੜੀਆਂ ਨੇ ‘‘ਸਿੱਖ ਜੀਵਨ ਜਾਚ/ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ’’ ਸੰਬੰਧੀ ਡਿਬੇਟ ਵਿਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਹ ਡਿਬੇਟ ਲਗਭਗ ਤਿੰਨ ਘੰਟੇ ਤੱਕ ਚੱਲੀ ਅਤੇ ਇਸ ਵਿਚ ਸ਼ੁਰੂਆਤੀ ਬਿਆਨ, ਪੁੱਛੇ ਗਏ ਪ੍ਰਸ਼ਨਾਂ ਅਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ। ਡਿਬੇਟ ਦੇ ਸੰਚਾਲਕ ਨਿਊਯਾਰਕ ਤੋਂ ਡਾ. ਸਤਪਾਲ ਸਿੰਘ ਸਨ, ਜਿਨ੍ਹਾਂ ਨੇ ਵਿਚਾਰ-ਵਟਾਂਦਰੇ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ।
ਸਿਮਪੋਜ਼ੀਅਮ ਦੇ ਅਖੀਰਲੇ ਦਿਨ ਗੁਰਦੂਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਭਾਸ਼ਨ ਪ੍ਰਤੀਯੋਗਤਾ ’ਚ ਪਹਿਲੇ ਗਰੁੱਪ ਵਿਚ ਮਿਸੀਸਾਗਾ ਤੋਂ ਕੇਸਰ ਸਿੰਘ, ਦੂਜੇ ’ਚ ਨਿਊਜਰਸੀ ਤੋਂ ਪਾਹੁਲ ਕੌਰ, ਤੀਜੇ ਵਿਚ ਟੈਕਸਾਸ ਤੋਂ ਤੇਜਸ ਸਿੰਘ, ਚੌਥੇ ਵਿਚ ਸਾਂਝਾ ਪਹਿਲਾ ਸਥਾਨ ਸਿਆਟਲ ਤੋਂ ਅਮਾਨਤ ਕੌਰ ਤੇ ਮਿਸੀਸਾਗਾ ਤੋਂ ਜਸਲੀਨ ਕੌਰ ਅਤੇ ਪੰਜਵੇਂ ਗਰੁੱਪ ਵਿਚ ਹੈਮਿਲਟਨ ਤੋਂ ਸਹਿਜ ਸਿੰਘ ਪਹਿਲੇ ਸਥਾਨ ’ਤੇ ਰਹੇ। ਭਾਸ਼ਨ ਪ੍ਰਤੀਯੋਗਤਾ ਵਿਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਪੁਰਸਕਾਰ ‘‘ਡਿਸਟਿੰਗਯੂਟਿਸ਼ਡ ਸਪੀਕਰ ਅਵਾਰਡ’’ ਦਿੱਤਾ ਗਿਆ।
ਸਿਆਨਾ ਸੰਸਥਾ ਦੇ ਕਨਵੀਨਰ ਸ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਨ੍ਹਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲੱਗਦਾ ਹੈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋਂ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ। ਉਨ੍ਹਾਂ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।

Leave a comment