ਫਿਲਾਡੇਲਫੀਆ, 25 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਫਲੋਰੀਡਾ ਦੇ ਟੈਂਪਾ ਤੋਂ ਫਿਲਾਡੈਲਫੀਆ (ਪੈਨਸਿਲਵੇਨੀਆ) ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਗੁਜਰਾਤੀ ਭਾਰਤੀ ਨੌਜਵਾਨ ਸਾਹਿਲ ਪਟੇਲ ਵੱਲੋਂ ਸ਼ਰਾਬੀ ਹਾਲਤ ਵਿਚ ਜਹਾਜ਼ ਵਿਚ ਸਫ਼ਰ ਕਰ ਰਹੇ ਲੋਕਾਂ ਨਾਲ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੀਤੇ ਹਫਤੇ ਮੰਗਲਵਾਰ ਨੂੰ ਸਾਹਿਲ ਪਟੇਲ, ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਆਪਣੇ ਜੱਦੀ ਸ਼ਹਿਰ ਟੈਂਪਾ ਤੋਂ ਫਿਲਾਡੇਲਫੀਆ ਜਾ ਰਿਹਾ ਸੀ। ਸ਼ਰਾਬੀ ਹਾਲਤ ‘ਚ ਸਾਹਿਲ ਪਟੇਲ ਨੇ ਸੀਟ ‘ਤੇ ਬੈਠਦੇ ਹੀ ਦੂਜੇ ਯਾਤਰੀਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਨਸਲੀ ਟਿੱਪਣੀਆਂ ਕੀਤੀਆਂ ਅਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ। ਸਾਹਿਲ ਪਟੇਲ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੇ ਲੜਾਈ ਬੰਦ ਨਹੀਂ ਕੀਤੀ ਅਤੇ ਆਖਰਕਾਰ ਉਸ ਨੂੰ ਜ਼ਬਰਦਸਤੀ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਘਟਨਾ ਸਮੇਂ ਸਾਹਿਲ ਦੇ ਨਾਲ ਇੱਕ ਪਰਿਵਾਰਕ ਮੈਂਬਰ ਵੀ ਉਸੇ ਫਲਾਈਟ ਵਿਚ ਸੀ।
29 ਸਾਲਾ ਸਾਹਿਲ ਪਟੇਲ ਨੂੰ ਹਿਲਸਬਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਜਹਾਜ਼ ਤੋਂ ਕਿੱਕ ਆਫ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਸਾਹਿਲ ‘ਤੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ ਇਕ ਸਾਲ ਦੀ ਕੈਦ ਅਤੇ 1,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸ਼ੈਰਿਫ ਦਫਤਰ ਵੱਲੋਂ ਉਸ ਖਿਲਾਫ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਸਾਹਿਲ ਨਸ਼ੇ ਦੀ ਹਾਲਤ ‘ਚ ਸੀ, ਜਿਵੇਂ ਹੀ ਉਹ ਜਹਾਜ਼ ‘ਚ ਦਾਖਲ ਹੋਇਆ ਅਤੇ ਯਾਤਰੀਆਂ ‘ਤੇ ਰੌਲਾ ਪਾਉਣ ਲੱਗਾ।
ਜਦੋਂ ਇਹ ਘਟਨਾ ਵਾਪਰੀ, ਤਾਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਜਿਸ ਵਿਚ ਸਾਹਿਲ ਪਟੇਲ ਸਵਾਰ ਸੀ, ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹਾ ਸੀ ਅਤੇ ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ। ਇਸ ਵੀਡੀਓ ‘ਚ ਸਾਹਿਲ ਪਟੇਲ ਦੀ ਫਲਾਈਟ ਅਟੈਂਡੈਂਟ ਅਤੇ ਹੋਰ ਯਾਤਰੀਆਂ ‘ਤੇ ਸ਼ਰਾਬੀ ਹੰਗਾਮਾ ਕਰਦੇ ਹੋਏ ਸਾਫ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਸਾਹਿਲ ਪਟੇਲ ਦੀਆਂ ਹਰਕਤਾਂ ਕਾਰਨ ਫਲਾਈਟ ‘ਚ ਵੱਡਾ ਹੰਗਾਮਾ ਹੋਣ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਉਣ ਲਈ ਸਥਾਨਕ ਪੁਲਿਸ ਨੂੰ ਬੁਲਾਇਆ ਗਿਆ, ਜਿਸ ਨੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ ਦੋ ਦੋਸ਼ ਲਗਾਏ। ਹੰਗਾਮੇ ਕਾਰਨ ਟੈਂਪਾ ਤੋਂ ਫਿਲਾਡੇਲਫੀਆ ਜਾਣ ਵਾਲੀ ਫਲਾਈਟ ਅੱਧਾ ਘੰਟਾ ਲੇਟ ਵੀ ਹੋ ਗਈ। ਸ਼ੁੱਕਰਵਾਰ ਤੱਕ, ਸਾਹਿਲ ਪਟੇਲ ਨੂੰ ਹਿਲਸਬਰੋ ਕਾਉਂਟੀ ਜੇਲ੍ਹ ਵਿਚ ਰੱਖਿਆ ਗਿਆ ਸੀ, ਅਤੇ ਉਸਦੀ ਰਿਹਾਈ ਲਈ 2,150 ਡਾਲਰ ਦਾ ਬਾਂਡ ਪੋਸਟ ਕੀਤਾ ਗਿਆ ਹੈ। ਪਬਲਿਕ ਡਿਫੈਂਡਰ ਦਾ ਦਫਤਰ ਸਾਹਿਲ ਦੀ ਤਰਫੋਂ ਕੇਸ ਲੜ ਰਿਹਾ ਹੈ, ਜਿਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸ਼ਰਾਬ ਪੀ ਕੇ ਘਰੇਲੂ ਉਡਾਣ ‘ਚ ਵੱਡਾ ਹੰਗਾਮਾ ਕਰਨ ਵਾਲੇ ਭਾਰਤੀ ਸਾਹਿਲ ਪਟੇਲ Arrest
