ਸ੍ਰੀ ਮੁਕਤਸਰ ਸਾਹਿਬ, 14 ਮਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਬਿਨਾਂ ਕਿਸੇ ਤੋਂ ਪੈਸੇ ਲਿਆ ਮਾਨਵਤਾ ਦੀ ਭਲਾਈ ਲਈ ਸੈਂਕੜੇ ਕਾਰਜ ਜਾਰੀ ਹਨ। ਡਾਕਟਰ ਓਬਰਾਏ ਦੇ ਕਾਰਜਾਂ ਦੀ ਫਹਿਰਿਸਤ ਏਨੀ ਲੰਮੀ ਹੈ ਕਿ ਇਸ ਨੂੰ ਵਰਨਣ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 37 ਅੰਗਹੀਣ ਵਿਅਕਤੀਆਂ ਨੂੰ ਉਨ੍ਹਾਂ ਦੇ ਗੁਜ਼ਾਰੇ ਲਈ ਤੀਹ ਹਜ਼ਾਰ ਰੁਪਏ ਦੇ ਕਰੀਬ ਸਹਾਇਤਾ ਰਾਸ਼ੀ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿਚ ਪਿਛਲੇ ਦਿਨੀਂ ਤਕਸੀਮ ਕੀਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਲੋਕ ਕੰਮ ਕਰਨ ਤੋਂ ਅਸਮਰਥ ਹਨ ਅਤੇ ਕਈ ਵੱਖ-ਵੱਖ ਬੀਮਾਰੀਆਂ ਤੋਂ ਪੀੜ੍ਹਤ ਹਨ। ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਹਰ ਮਹੀਨੇ ਇਨ੍ਹਾਂ ਦੀਆਂ ਮੁਸਕਲਾਂ ਨੂੰ ਸਮਝਦੇ ਹੋਏ ਸਹਾਇਤਾ ਰਾਸ਼ੀ ਭੇਜੀ ਜਾਂਦੀ ਹੈ। ਸਹਾਇਤਾ ਰਾਸ਼ੀ ਲੈਣ ਉਪਰੰਤ ਅੰਗਹੀਣ ਵਿਅਕਤੀਆਂ ਵੱਲੋਂ ਡਾਕਟਰ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਡਾਕਟਰ ਓਬਰਾਏ ਹਮੇਸ਼ਾ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹਦੇ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਸਾਰੇ ਕਾਰਜ (ਮੈਡੀਕਲ ਸਹਾਇਤਾ, ਸਿੱਖਿਆ ਸਹਾਇਤਾ, ਬੇਰੁਜ਼ਗਾਰਾਂ ਲਈ ਮੁਫ਼ਤ ਸਿਖਲਾਈ ਸੈਂਟਰ) ਜਾਰੀ ਹਨ। ਇਸ ਮੌਕੇ ਜਸਪਾਲ ਸਿੰਘ ਰਿਟਾਇਰਡ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾਇਰਡ ਲੈਕਚਰਾਰ, ਗੁਰਜੀਤ ਸਿੰਘ ਜੀਤਾ, ਜਤਿੰਦਰ ਸਿੰਘ ਕੈਂਥ, ਸੁਖਬੀਰ ਸਿੰਘ ਜੈਲਦਾਰ, ਬੀਬੀ ਪਰਮਜੀਤ ਕੌਰ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਆਦਿ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 37 ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ
