#PUNJAB

ਸਟੇਟ ਕਾਲਜ ਆਗ਼ ਐਜੂਕਸ਼ੇਨ ਵਿਖੇ ਕੌਮੀ ਸਿੱਖਿਆ ਨੀਤੀ 2020: ਵਿਸ਼ਵੀ ਸੰਦਰਭ ਵਿਚ ਸਿੱਖਿਆ ਅਤੇ ਖੇਤਰੀ ਭਾਸ਼ਾਵਾਂ ਵਿਸ਼ੇ ‘ਤੇ ਕੌਮੀ ਪੱਧਰ ਦਾ ਸੈਮੀਨਾਰ

ਪਟਿਆਲਾ, 13 ਮਾਰਚ (ਪੰਜਾਬ ਮੇਲ)- ਸਰਕਾਰੀ (ਸਟੇਟ) ਕਾਲਜ ਆਗ਼ ਐਜੂਕਸ਼ੇਨ ਵਿਖੇ ਪ੍ਰਿੰਸੀਪਲ ਪ੍ਰੋਗ਼ੈਸਰ (ਡਾ.) ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਵਿਖੇ ਕੌਮੀ ਸਿੱਖਿਆ ਨੀਤੀ 2020 : ਵਿਸ਼ਵੀ ਸੰਦਰਭ ਵਿਚ ਸਿੱਖਿਆ ਅਤੇ ਖੇਤਰੀ ਭਾਸ਼ਾਵਾਂ ਵਿਸ਼ੇ ‘ਤੇ ਕੌਮੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਕੰਵਰ ਜਸਮਿੰਦਰਪਾਲ ਸਿੰਘ ਨੇ ਇਸ ਸੈਮੀਨਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਸੈਮੀਨਾਰ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਲਈ ਮੀਲ ਪੱਥਰ ਸਿੱਧ ਹੋਵੇਗਾ ਕਿਉਂਕਿ ਇਸ ਸੈਮੀਨਾਰ ਵਿਚ ਅਧਿਆਪਕਾਂ ਦੇ ਮਨ੍ਹਾਂ ਵਿਚ ਇਸ ਨੀਤੀ ਬਾਰੇ ਉਠੇ ਖਦਸ਼ਿਆਂ ਦੇ ਹੱਲ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਵੇਗਾ। ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ‘ਤੇ ਸੈਮੀਨਾਰ ਕਰਵਾਉਣਾ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਨੀਤੀ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਤਾ-ਭਾਸ਼ਾ ਵਿਚ ਦੇਣ ਲਈ ਉਤਸ਼ਾਹਿਤ ਕਰਦੀ ਹੈ ਅਤੇ ਉਚੇਰੀ ਸਿੱਖਿਆ ਵੱਖ-ਵੱਖ ਅਨੁਸਾਸ਼ਨਾਂ ਵਿਚ ਗ੍ਰਹਿਣ ਕਰਨ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਦਾ ਵਿਕਾਸ ਹੋਵੇਗਾ ਅਤੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਵੱਧਣਗੇ। ਸੈਮੀਨਾਰ ਦਾ ਆਰੰਭ ਕਰਦਿਆਂ ਪੰਜਾਬ ਵਕਫ ਬੋਰਡ ਦੇ ਸੀ.ਈ.ਓ. ਲਤੀਫ ਅਹਿਮਦ, ਪੀ.ਸੀ.ਐੱਸ. ਨੇ ਮਾਤ-ਭਾਸ਼ਾ ਵਿਚ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੰਦੇਸ਼ ਦਿੰਦਿਆਂ ਕਿਹਾ ਕਿ ਕੋਈ ਵੀ ਸਿੱਖਿਆ ਨੀਤੀ ਓਨਾ ਚਿਰ ਕਾਮਯਾਬ ਨਹੀਂ ਹੋ ਸਕਦੀ, ਜਿੰਨਾ ਚਿਰ ਬੱਚਾ ਆਪਣੀ ਮਾਤ-ਭਾਸ਼ਾ ਨਹੀਂ ਸਿੱਖੇਗਾ। ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਬਲਜਿੰਦਰ ਸਿੰਘ ਚੀਮਾ, ਸਰੀ (ਕੈਨੇਡਾ) ਨੇ ਕਿਹਾ ਕਿ ਵਿਦੇਸ਼ਾਂ ਵਿਚ ਵੀ ਉਹ ਵਿਦਿਆਰਥੀ ਕਾਮਯਾਬ ਹੋ ਸਕਦੇ ਹਨ, ਜੋ ਆਪਣੀ ਮਾਤ-ਭਾਸ਼ਾ ਵਿਚ ਮਹਾਰਤ ਹਾਸਲ ਕਰਦੇ ਹਨ, ਕਿਉਂਕਿ ਮਾਤ-ਭਾਸ਼ਾ ਹੀ ਹਰੇਕ ਭਾਸ਼ਾ ਦਾ ਆਧਾਰ ਹੈ। ਡਾ. ਅਰਵਿੰਦ ਝਾਅ, ਇਗਨੋ ਯੂਨੀਵਰਸਿਟੀ, ਨਵੀਂ ਦਿੱਲੀ ਨੇ ਆਪਣੇ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਸ਼ਬਦ ਹੀ ਸੰਸਾਰ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਇੱਕ ਅਜਿਹਾ ਸਰਕਾਰੀ ਦਸਤਾਵੇਜ਼ ਹੈ, ਜਿਹੜਾ ਸਥਾਨਕ ਭਾਸ਼ਾਵਾਂ ਦੇ ਪ੍ਰਸਾਰ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੀ ਸਕੂਲੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਬੱਚਿਆਂ ਦੀ ਉਚੇਰੀ ਸਿੱਖਿਆ ਦਾ ਵਿਕਾਸ ਹੋ ਸਕੇ। ਡਾ. ਖੁਸ਼ਵਿੰਦਰ ਕੁਮਾਰ ਪ੍ਰਿੰਸੀਪਲ, ਐੱਮ.ਐੱਮ.ਮੋਦੀ ਕਾਲਜ ਪਟਿਆਲਾ ਨੇ ਕਿਹਾ ਕਿ ਉਚੇਰੀ ਸਿੱਖਿਆ ਦਾ ਵਿਕਾਸ ਤਾਂ ਹੀ ਸੰਭਵ ਹੈ, ਜੇ ਉਚੇਰੀ ਸਿੱਖਿਆ ਸੰਸਥਾਵਾਂ ਵੱਖ-ਵੱਖ ਕੋਰਸਾਂ ਨੂੰ ਆਪਣੀਆਂ ਸੰਸਥਾਵਾਂ ਵਿਚ ਸ਼ੁਰੂ ਕਰਨਗੀਆਂ। ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਕੋਰਸਾਂ ਦੇ ਮਹੱਤਵ ਤੋਂ ਜਾਣੂ ਹੋਣ ਨਾਲ ਹੀ ਸੰਭਵ ਹੋ ਸਕੇਗਾ। ਪ੍ਰੋ. ਜਸਪਾਲ ਸਿੰਘ, ਜੰਮੂ ਯੂਨੀਵਰਸਿਟੀ, ਜੰਮੂ ਨੇ ਕਿਹਾ ਕਿ ਬੱਚਾ ਆਪਣੀ ਮਾਤ-ਭਾਸ਼ਾ ਵਿਚ ਜੋ ਗਿਆਨ ਸਿਖ ਸਕਦਾ ਹੈ, ਉਹ ਦੂਸਰੀਆਂ ਭਾਸ਼ਾਵਾਂ ਰਾਹੀਂ ਨਹੀਂ ਸਿਖ ਸਕਦਾ। ਉਨ੍ਹਾਂ ਨੇ ਕਿਹਾ ਕਿ ਦੂਸਰੀਆਂ ਭਾਸ਼ਾਵਾਂ ਦੇ ਨਾਲ-ਨਾਲ ਮਾਤ-ਭਾਸ਼ਾ ਦਾ ਗਿਆਨ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਚ ਸਥਾਨਕ ਭਾਸ਼ਾਵਾਂ ਦੇ ਪ੍ਰਸਾਰ ‘ਤੇ ਜ਼ਂੋਰ ਦਿੱਤਾ ਗਿਆ ਹੈ। ਡਾ. ਪ੍ਰਗਟ ਸਿੰਘ, ਪ੍ਰਿੰਸੀਪਲ, ਜੀ.ਐੱਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਨੇ ਕਿਹਾ ਕਿ ਬੱਚੇ ਦੀ ਮੁੱਢਲੀ ਸਿੱਖਿਆ ਮਾਤਾ-ਭਾਸ਼ਾ ਵਿਚੋਂ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਘਰਾਂ ਵਿਚ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਸ਼ੁੱਧ ਬੋਲਣਾ ਅਤੇ ਲਿਖਣਾ ਸਿਖਾਉਣਾ ਚਾਹੀਦਾ ਹੈ। ਡਾ. ਜਿਗਰ ਮੁਹੰਮਦ, ਸਾਬਕਾ ਡੀਨ, ਜੰਮੂ ਯੂਨੀਵਰਸਿਟੀ, ਜੰਮੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਅਧਿਆਪਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾਉਣ। ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਬਾਰੇ ਕਿਹਾ ਕਿ ਇਹ ਨੀਤੀ ਭਾਰਤੀ ਸਿੱਖਿਆ ਨੂੰ ਵਿਸ਼ਵ ਪੱਧਰ ‘ਤੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਸਮਰੱਥ ਬਣਾਏਗੀ। ਟੈਕਨੀਕਲ ਸੈਸ਼ਨ ਦੇ ਸਪੀਕਰਾਂ ਨਾਲ ਰੁਪਿੰਦਰ ਸਿੰਘ ਲਾਇਬ੍ਰੇਰੀਅਨ, ਅਸਿ. ਪ੍ਰੋ. ਨਵਨੀਤ ਕੌਰ ਜੇਜੀ, ਡਾ. ਪ੍ਰੀਤੀ ਭਾਟੀਆ, ਡਾ. ਰੁਪਿੰਦਰ ਕੌਰ ਸੋਹੀ, ਡਾ. ਕੁਲਜੀਤ ਕੌਰ ਨੇ ਜਾਣ-ਪਛਾਣ ਕਰਵਾਈ। ਓਪਨ ਹਾਊਸ ਡਿਸਕਸ਼ਨ ਵਿਚ ਹਾਲ ਵਿਚ ਬੈਠੇ ਸਰੋਤਿਆਂ ਨੇ ਭਾਗ ਲਿਆ ਅਤੇ ਆਪੋ-ਆਪਣੇ ਖਦਸ਼ਿਆਂ ਨੂੰ ਪ੍ਰਗਟ ਕੀਤਾ। ਰਿਸੋਰਸ ਪਰਸਨ ਨੇ ਹਰੇਕ ਪ੍ਰਸ਼ਨ ਦਾ ਬੜੀ ਤਸੱਲੀ ਨਾਲ ਜਵਾਬ ਦਿੱਤਾ ਅਤੇ ਸਾਰਿਆਂ ਨੂੰ ਸੰਤੁਸ਼ਟ ਕੀਤਾ। ਇਸ ਸਮੇਂ ਮੰਚ ਸੰਚਾਲਨ ਡਾ. ਕੁਲਜੀਤ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਡਾ. ਮਨਪ੍ਰੀਤ ਕੌਰ ਨੇ ਸੈਮੀਨਾਰ ਰਿਪੋਰਟ ਪੇਸ਼ ਕੀਤੀ ਅਤੇ ਡਾ. ਦੀਪਿਕਾ ਰਾਜਪਾਲ ਨੇ ਸੈਮੀਨਾਰ ਵਿਚ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ:, ਪ੍ਰੋ. ਦਿਲਬਾਰਾ ਸਿੰਘ ਬਾਜਵਾ ਖਾਲਸਾ ਕਾਲਜ ਗੜ੍ਹਦੀਵਾਲ, ਕੈਪਟਨ ਚਮਕੌਰ ਸਿੰਘ, ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਕਾਲਜ ਦੇ ਵਾਈਂ ਪ੍ਰਿੰਸੀਪਲ ਕਿਰਨਜੀਤ ਕੌਰ, ਅਸਿ. ਪ੍ਰੋ. ਯਸ਼ਪ੍ਰੀਤ ਸਿੰਘ, ਅਸਿ. ਪ੍ਰੋ. ਨਵਦੀਪ ਕੰਬੋਂ, ਅਸਿ. ਪ੍ਰੋ. ਮੰਜੂ ਬਾਲਾ, ਡਾ. ਯੋਗਿਤਾ ਸਾਰਵਾਲ, ਡਾ. ਹਰਦੀਪ ਕੌਰ ਸੈਣੀ, ਡਾ. ਏਕਤਾ ਸ਼ਰਮਾ, ਸ਼੍ਰੀ ਰੁਪਿੰਦਰ ਸਿੰਘ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਸੀ।

Leave a comment