#EUROPE

ਬ੍ਰਿਟੇਨ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਵਾਧਾ ਦਰਜ

ਲੰਡਨ, 13 ਮਾਰਚ (ਪੰਜਾਬ ਮੇਲ)- ‘ਇੰਗਲਿਸ਼ ਚੈਨਲ’ ਪਾਰ ਕਰਕੇ ਬ੍ਰਿਟੇਨ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਪਿਛਲੇ ਸਾਲ ਵਾਧਾ ਦਰਜ ਕੀਤਾ ਗਿਆ ਅਤੇ ਛੋਟੀਆਂ ਕਿਸ਼ਤੀਆਂ ‘ਤੇ ਸਵਾਰ ਹੋ ਕੇ ਕੁੱਲ 683 ਲੋਕ ਦੇਸ਼ ‘ਚ ਆਏ, ਜਿਨ੍ਹਾਂ ‘ਚ ਜ਼ਿਆਦਾਤਰ ਭਾਰਤੀ ਪੁਰਸ਼ ਸਨ। ਬ੍ਰਿਟੇਨ ‘ਚ ਅਨਿਯਮਿਤ ਮਾਈਗ੍ਰੇਸ਼ਨ ਦੇ ਸਬੰਧ ‘ਚ ਦੇਸ਼ ਦੇ ਗ੍ਰਹਿ ਵਿਭਾਗ ਦੇ ਪਿਛਲੇ ਸਾਲ ਦੇ ਤਾਜ਼ਾ ਅੰਕੜਿਆਂ ਅਨੁਸਾਰ, ਬ੍ਰਿਟੇਨ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਕੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਸਾਲ-ਦਰ-ਸਾਲ ਵਧ ਰਹੀ ਹੈ। ਸਾਲ 2021 ‘ਚ 67 ਭਾਰਤੀ ਨਾਗਰਿਕ ਛੋਟੀਆਂ ਕਿਸ਼ਤੀਆਂ ਰਾਹੀਂ ਸਰਹੱਦ ਪਾਰ ਕਰ ਕੇ ਆਏ ਸਨ, ਜਦੋਂ ਕਿ 2020 ‘ਚ ਇਹ ਗਿਣਤੀ 64 ਸੀ ਅਤੇ 2019 ਅਤੇ 2018 ‘ਚ ਅਜਿਹਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ।
ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ ਭਾਈਵਾਲੀ (ਐੱਮ.ਐੱਮ.ਪੀ.) ਦੇ ਤਹਿਤ ਬ੍ਰਿਟੇਨ ਦਾ ਭਾਰਤ ਦੇ ਨਾਲ ਇਕ ‘ਵਾਪਸੀ’ ਸਮਝੌਤਾ ਹੈ, ਜਿਸ ਦਾ ਜ਼ਿਕਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੀਤੇ ਹਫ਼ਤੇ ਸੰਸਦ ‘ਚ ਕੀਤਾ ਸੀ। ਸੁਨਕ ਨੇ ਸਦਨ ਵਿਚ ਕਿਹਾ ਸੀ, ‘ਅਸੀਂ ਭਾਰਤ, ਪਾਕਿਸਤਾਨ, ਸਰਬੀਆ, ਨਾਈਜੀਰੀਆ ਅਤੇ ਮਹੱਤਵਪੂਰਨ ਰੂਪ ਨਾਲ ਹੁਣ ਅਲਬਾਨੀਆ ਨਾਲ ਵਾਪਸੀ ਸਮਝੌਤੇ ਕੀਤੇ ਹਨ।’ ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਕਿਹਾ ਸੀ, ‘ਸਾਡੀ ਸਥਿਤੀ ਸਪੱਸ਼ਟ ਹੈ, ਜੇਕਰ ਤੁਸੀਂ ਗ਼ੈਰ-ਕਾਨੂੰਨੀ ਢੰਗ ਨਾਲ ਇੱਥੇ ਪਹੁੰਚਦੇ ਹੋ, ਤਾਂ ਤੁਸੀਂ ਇੱਥੇ ਸ਼ਰਨ ਦਾ ਦਾਅਵਾ ਨਹੀਂ ਕਰ ਸਕੋਗੇ, ਤੁਸੀਂ ਆਧੁਨਿਕ ਦਾਸਤਾ ਪ੍ਰਣਾਲੀ ਦਾ ਹਿੱਸਾ ਨਹੀਂ ਬਣ ਸਕੋਗੇ ਅਤੇ ਤੁਸੀਂ ਮਨੁੱਖੀ ਅਧਿਕਾਰਾਂ ਦੇ ਫਰਜ਼ੀ ਦਾਅਵੇ ਨਹੀਂ ਕਰ ਸਕੋਗੇ।’
ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ 400 ਭਾਰਤੀ ਨਾਗਰਿਕ ਅਜਿਹੇ ਵੀ ਹਨ, ਜੋ 2022 ਵਿਚ ਬ੍ਰਿਟੇਨ ‘ਚ ਹਵਾਈ ਮਾਰਗ ਰਾਹੀਂ ਨਾਕਾਫ਼ੀ ਦਸਤਾਵੇਜ਼ਾਂ ਨਾਲ ਪਹੁੰਚੇ ਲੋਕਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਬ੍ਰਿਟੇਨ ਵਿਚ 2022 ਵਿਚ ਕੁੱਲ 45,755 ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਗ਼ੈਰ-ਕਾਨੂੰਨੀ ਰੂਪ ਨਾਲ ਦੇਸ਼ ਪਹੁੰਚੇ, ਜਿਨ੍ਹਾਂ ਵਿਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਨ੍ਹਾਂ ਭਾਰਤੀ ਨਾਗਰਿਕਾਂ ਦੀ ਉਮਰ 25 ਸਾਲ ਤੋਂ 40 ਸਾਲ ਦੇ ਵਿਚਕਾਰ ਹੈ। ਮੰਨਿਆ ਜਾਂਦਾ ਹੈ ਕਿ ਤਸਕਰ ਛੋਟੀਆਂ ਅਤੇ ਅਕਸਰ ਅਸੁਰੱਖਿਅਤ ਕਿਸ਼ਤੀਆਂ ‘ਤੇ ਸਵਾਰ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਲਿਆਉਣ ਲਈ ਹਜ਼ਾਰਾਂ ਪੌਂਡ ਵਸੂਲਦੇ ਹਨ। ਇਹ ਲੋਕ ਇਸ ਉਮੀਦ ਵਿਚ ਬ੍ਰਿਟੇਨ ਆਉਂਦੇ ਹਨ ਕਿ ਉਹ ਦੇਸ਼ ਵਿਚ ਸ਼ਰਣ ਦਾ ਦਾਅਵਾ ਕਰ ਸਕਣਗੇ। ਇਸ ਤਰ੍ਹਾਂ ਦੇ ਦੌਰਿਆਂ ਕਾਰਨ ਪਿਛਲੇ ਕੁਝ ਸਾਲਾਂ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਬਾਵਜੂਦ ਇਹ ਖ਼ਤਰਨਾਕ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

Leave a comment