#AMERICA

ਵਿਸਾਲੀਆ ਸੀਨੀਅਰ ਖੇਡਾਂ ‘ਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾਂ

ਫਰਿਜ਼ਨੋ, 2 ਅਪ੍ਰੈਲ (ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਵਿਸਾਲੀਆ ਦੇ ਮਾਊਂਟ ਵਿਟਨੀ ਹਾਈ ਸਕੂਲ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿਚ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ 100 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ 8 ਪੰਜਾਬੀ ਐਥਲੀਟਾਂ ਨੇ ਵੀ ਹਿੱਸਾ ਲਿਆ ਤੇ ਕੁੱਲ ਮਿਲਾਕੇ 22 ਤਗਮੇ ਜਿੱਤੇ (13 ਸੋਨੇ ਦੇ ਤਗਮੇ ਅਤੇ 9 ਚਾਂਦੀ ਦੇ ਤਗਮੇ) ਇਹ ਪੰਜਾਬੀ ਖਿਡਾਰੀ ਕੈਲੀਫੋਰਨੀਆ ਦੇ ਵੱਖੋ-ਵੱਖ ਸ਼ਹਿਰਾਂ, ਫਰਿਜ਼ਨੋ, ਫਾਉਲਰ ਅਤੇ ਕਲੋਵਿਸ ਅਤੇ ਮਨਟੀਕਾ ਤੋਂ ਪਹੁੰਚੇ ਹੋਏ ਸਨ।
ਇਨ੍ਹਾਂ ਖੇਡਾਂ ਵਿਚ ਐਥਲੀਟ ਗੁਰਬਖਸ਼ ਸਿੱਧੂ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿਚ 2 ਸੋਨੇ ਦੇ ਤਗਮੇ ਜਿੱਤੇ। ਸੁਖਨੈਨ ਸਿੰਘ ਨੇ ਲੰਬੀ ਛਾਲ ਅਤੇ ਤੀਹਰੀ ਛਾਲ ਵਿਚ 2 ਸੋਨੇ ਦੇ ਤਗ਼ਮੇ ਜਿੱਤੇ।
ਰਾਜ ਬਰਾੜ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿਚ 2 ਸੋਨੇ ਦੇ ਤਗਮੇ ਜਿੱਤੇ। ਅਮਰੀਕ ਸਿੰਘ ਤੁੰਬਰ ਨੇ 50 ਮੀਟਰ ਅਤੇ 100 ਮੀਟਰ ਵਿਚ 3 ਸੋਨੇ ਦੇ ਤਗਮੇ ਜਿੱਤੇ ਅਤੇ 4*100 ਮੀਟਰ ਰਿਲੇਅ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਕਮਲਜੀਤ ਸਿੰਘ ਬੈਨੀਪਾਲ ਨੇ 200 ਮੀਟਰ ਅਤੇ 400 ਮੀਟਰ ਵਿਚ 3 ਚਾਂਦੀ ਦੇ ਤਗਮੇ ਜਿੱਤੇ ਅਤੇ 4*100 ਮੀਟਰ ਰਿਲੇਅ ਦੌੜ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ।
ਪਵਿੱਤਰ ਸਿੰਘ ਕਲੇਰ ਨੇ ਸ਼ਾਟ ਪੁੱਟ ਅਤੇ ਡਿਸਕਸ ਥ੍ਰੋ ਵਿਚ 1 ਚਾਂਦੀ ਅਤੇ 1 ਸੋਨ ਤਗਮਾ ਜਿੱਤਿਆ।
ਕਰਮ ਸਿੰਘ ਸੰਘਾ ਨੇ 1600 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ। ਮੈਂਟੇਕਾ ਦੇ ਦਰਸ਼ਨ ਸਿੰਘ ਨੇ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ ਅਤੇ 4*100 ਮੀਟਰ ਰਿਲੇਅ ਦੌੜ ਵਿਚ 4 ਸੋਨੇ ਦੇ ਤਗਮੇ ਅਤੇ 3 ਚਾਂਦੀ ਦੇ ਤਗਮੇ ਜਿੱਤੇ।
ਇਨ੍ਹਾਂ ਖਿਡਾਰੀਆਂ ਨੇ ਤਗ਼ਮੇ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਅਤੇ ਭਾਈਚਾਰੇ ਵੱਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।