#PUNJAB

ਲੁਧਿਆਣਾ ਪੱਛਮੀ ਸੀਟ ਦੀ ਉਪ ਚੋਣ ‘ਚ ‘ਆਪ’ ਦੀ ਸਾਖ ਦਾਅ ‘ਤੇ

ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਸੀਟ ਨੂੰ ਆਪਣੀ ਸਾਖ ਦਾ ਸਵਾਲ ਬਣਾ ਲਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਇੱਕ ਹਫ਼ਤੇ ਵਿਚ ਦੂਜੀ ਵਾਰ ਲੁਧਿਆਣਾ ਆ ਰਹੇ ਹਨ, ਜਿੱਥੇ ਉਹ ਪਾਰਟੀ ਨਾਲ ਸਬੰਧਤ ਗਤੀਵਿਧੀਆਂ ਵਿਚ ਹਿੱਸਾ ਲੈਣਗੇ। ਉਨ੍ਹਾਂ ਨੇ ਲੁਧਿਆਣਾ ਦੇ ਸਥਾਨਕ ਮੈਰਿਜ ਪੈਲੇਸ ਵਿਚ ਇੱਕ ਰੈਲੀ ਵੀ ਰੱਖੀ ਹੈ। ਇਸ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਹਿੱਸਾ ਲੈਣਗੇ। ਇਹ ਸੀਟ ਪਾਰਟੀ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਸੀਟ ਨੂੰ ਜਿੱਤ ਕੇ ਪਾਰਟੀ ਆਪਣੇ ਕਿਸੇ ਵੱਡੇ ਨੇਤਾ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ।
ਲੁਧਿਆਣਾ ਪੱਛਮੀ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਇਹ ਸੀਟ ਜਿੱਤੀ ਹੈ ਅਤੇ ਉਹ ਪਿਛਲੀ ਕਾਂਗਰਸ ਸਰਕਾਰ ਵਿਚ ਖੁਰਾਕ ਅਤੇ ਸਪਲਾਈ ਮੰਤਰੀ ਵੀ ਰਹਿ ਚੁੱਕੇ ਹਨ। ‘ਆਪ’ ਸਰਕਾਰ ਨੇ ਉਨ੍ਹਾਂ ਵਿਰੁੱਧ ਖੁਰਾਕ ਅਤੇ ਸਪਲਾਈ ਵਿਭਾਗ ਦੀ ਢੁਆਈ ਨੀਤੀ ਵਿਚ ਭ੍ਰਿਸ਼ਟਾਚਾਰ ਦਾ ਕੇਸ ਵੀ ਦਾਇਰ ਕੀਤਾ, ਜਿਸ ਵਿਚ ਉਨ੍ਹਾਂ ਨੂੰ ਕਈ ਮਹੀਨੇ ਜੇਲ੍ਹ ਵਿਚ ਕੱਟਣੇ ਪਏ ਪਰ ਹਾਈ ਕੋਰਟ ਨੇ ਇਸ ਮਾਮਲੇ ਵਿਚ ਦਰਜ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ। ਇਹ ਤੈਅ ਹੈ ਕਿ ਜੇਕਰ ਕਾਂਗਰਸ ਆਸ਼ੂ ਨੂੰ ਟਿਕਟ ਦਿੰਦੀ ਹੈ, ਤਾਂ ਉਹ ‘ਆਪ’ ਉਮੀਦਵਾਰ ਸੰਜੀਵ ਅਰੋੜਾ ਲਈ ਵੱਡੀ ਚੁਣੌਤੀ ਪੇਸ਼ ਕਰ ਸਕਦੇ ਹਨ। ਆਸ਼ੂ ਲੁਧਿਆਣਾ ਹਲਕੇ ਵਿਚ ਪੈਂਦੇ ਇਸ ਵਾਰਡ ਤੋਂ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ।
ਲੁਧਿਆਣਾ ਪੱਛਮੀ ਸੀਟ ਜਿੱਤਣਾ ਆਮ ਆਦਮੀ ਪਾਰਟੀ ਲਈ ਅਤਿ ਜ਼ਰੂਰੀ ਹੈ ਕਿਉਂਕਿ ਪਾਰਟੀ ਦੀ ਨਜ਼ਰ ਇਸ ਸੀਟ ‘ਤੇ ਘੱਟ, ਬਲਕਿ ਇਸ ਸੀਟ ‘ਚ ਮਿਲਣ ਵਾਲੀ ਜਿੱਤ ਦੇ ਕਾਰਨ ਖਾਲੀ ਹੋਣ ਵਾਲੀ ਰਾਜ ਸਭਾ ਦੀ ਸੀਟ ‘ਤੇ ਵੱਧ ਹੈ, ਜਿੱਥੋਂ ਪਾਰਟੀ ਦਾ ਕੋਈ ਦਿੱਗਜ ਰਾਜ ਸਭਾ ਜਾ ਸਕਦਾ ਹੈ। ਇਸ ‘ਤੇ ਖੁਦ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੇ ਸਿਸੋਦੀਆ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਵਜੋਂ ਪੰਜਾਬ ਭੇਜਿਆ ਹੈ ਪਰ ਕੇਜਰੀਵਾਲ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਸੰਜੀਵ ਅਰੋੜਾ ਇਸ ਸੀਟ ਤੋਂ ਚੋਣ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੈਬਨਿਟ ਵਿਚ ਮੰਤਰੀ ਵੀ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੂੰ ਉਨ੍ਹਾਂ ਦੀ ਖਾਲੀ ਸੀਟ ਤੋਂ ਪੰਜਾਬ ਦੀ ਆਵਾਜ਼ ਵਜੋਂ ਰਾਜ ਸਭਾ ਭੇਜਿਆ ਜਾਵੇਗਾ, ਇਸ ਲਈ ਲੁਧਿਆਣਾ ਪੱਛਮੀ ਸੀਟ ਲਈ ਚੋਣਾਂ ਹੋਣ ਤੱਕ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਹੋਰ ਬਹੁਤ ਸਾਰੇ ਦੌਰੇ ਕਰਨੇ ਪੈਣਗੇ।