ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਨੂੰ ਭਾਰਤੀ ਜਨਤਾ ਪਾਰਟੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਵਿਚ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਰਾਜਸਭਾ ਦੀਆਂ ਚੋਣਾਂ ਅਤੇ ਓਡੀਸ਼ਾ ਦੀ ਉਪ-ਚੋਣ 2026 ਲਈ ਆਪਣੇ ਅਧਿਕਾਰਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਭਾਜਪਾ ਵਲੋਂ ਤਰੁਣ ਚੁਘ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨ ਕੀਤਾ ਹੈ।
ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਅਤੇ ਮੁੱਖ ਦਫ਼ਤਰ ਪ੍ਰਭਾਰੀ (ਇੰਚਾਰਜ਼) ਅਰੁਣ ਸਿੰਘ ਵੱਲੋਂ ਅੱਜ ਇੱਥੇ ਜਾਰੀ ਪ੍ਰੈੱਸ ਨੋਟ ‘ਚ ਇਨ੍ਹਾਂ ਨਾਵਾਂ ‘ਤੇ ਅੰਤਿਮ ਮੋਹਰ ਲਗਾਈ ਗਈ। ਇਸ ਸੂਚੀ ਵਿਚ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਸਣੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਅਗਰਵਾਲ, ਰਾਜਸਥਾਨ ਤੋਂ ਸ਼੍ਰੀਮਤੀ (ਡਾ.) ਅਲਕਾ ਗੁਰਜਰ ਤੇ ਡਾ. ਸਤੀਸ਼ ਪੂਨੀਆ, ਗੁਜਰਾਤ ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜੀਤੇਂਦਰ ਮੇਘਜੀਭਾਈ ਕੰਜ਼ਾਰੀਆ, ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾ, ਮਣੀਪੁਰ ਏ. ਸ਼ਾਰਦਾ ਦੇਵੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਰੁਣ ਚੁੱਘ ਜੇਕਰ ਇਸ ਸੀਟ ਤੋਂ ਰਾਜ ਸਭਾ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਦਾ ਮੋਦੀ ਕੈਬਨਿਟ ਵਿਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਅੱਜ ਇਸ ਦੇ ਨਾਲ ਹੀ ਪਾਰਟੀ ਵਲੋਂ ਓਡੀਸ਼ਾ ਸੂਬੇ ਵਿਚ ਹੋਣ ਵਾਲੀ ਰਾਜਸਭਾ ਦੀ ਉਪ-ਚੋਣ ਲਈ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ। ਉਡੀਸ਼ਾ ਵਿਚ ਭਾਜਪਾ ਨੇ ਦੇਬਾਸ਼ੀਸ਼ ਸਾਮੰਤਰਾਏ ਨੂੰ ਉਮੀਦਵਾਰ ਐਲਾਨਿਆ ਹੈ। ਰਾਜਨੀਤਿਕ ਮਾਹਰਾਂ ਮੁਤਾਬਕ, ਭਾਜਪਾ ਨੇ ਇਸ ਸੂਚੀ ਵਿਚ ਆਪਣੇ ਤਜ਼ਰਬੇਕਾਰ ਅਤੇ ਸੰਗਠਨ ਨਾਲ ਲੰਬੇ ਸਮੇਂ ਤੋਂ ਜੁੜੇ ਆਗੂਆਂ ‘ਤੇ ਭਰੋਸਾ ਜਤਾਇਆ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਰਾਜਾਂ ਅੰਦਰ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ।
ਭਾਜਪਾ ਨੇ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਐਲਾਨਿਆ ਉਮੀਦਵਾਰ

