– ਰੀਲਾਂ ਬਣਾਉਣ, ਸੈਲਫੀ ਜਾਂ ਟਰੈਵਲ ਵਲੌਗ ਬਣਾਉਣ ਵਾਲਿਆਂ ਦਾ ਫੋਨ ਹੋਵੇਗਾ ਜ਼ਬਤ
ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਜੇਕਰ ਤੁਸੀਂ ਏਅਰਪੋਰਟ ‘ਤੇ ਰੀਲਾਂ ਬਣਾਉਣ, ਸੈਲਫੀ ਲੈਣ ਜਾਂ ਟ੍ਰੈਵਲ ਵਲੌਗ ਸ਼ੂਟ ਕਰਨ ਦੇ ਸ਼ੌਕੀਨ ਹੋ ਤਾਂ ਹੁਣ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਸੋਸ਼ਲ ਮੀਡੀਆ ਕੰਟੈਂਟ ਬਣਾਉਣ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰਪੋਰਟ ਕੰਪਲੈਕਸ ‘ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ।
ਨਵੀਂ ਗਾਈਡਲਾਈਨ ਅਨੁਸਾਰ, ਏਅਰਪੋਰਟ ਦੇ ਕਈ ਸੰਵੇਦਨਸ਼ੀਲ ਇਲਾਕਿਆਂ ਵਿਚ ਬਿਨਾਂ ਇਜਾਜ਼ਤ ਫੋਟੋ ਜਾਂ ਵੀਡੀਓ ਬਣਾਉਣਾ ਪੂਰੀ ਤਰ੍ਹਾਂ ਮਨ੍ਹਾ ਹੈ। ਇਨ੍ਹਾਂ ਵਿਚ ਸੁਰੱਖਿਆ ਚੈੱਕਪੁਆਇੰਟ, ਬੋਰਡਿੰਗ ਗੇਟ, ਰਨਵੇ ਬੱਸ, ਏਅਰਕ੍ਰਾਫਟ ਹੈਂਡਲਿੰਗ ਜ਼ੋਨ ਅਤੇ ਏਅਰਪੋਰਟ ਐਪਰਨ ਵਰਗੇ ਕਾਰਜਸ਼ੀਲ ਖੇਤਰ ਸ਼ਾਮਲ ਹਨ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਗੰਭੀਰ ਮਾਮਲਿਆਂ ‘ਚ ਮੋਬਾਈਲ ਫੋਨ ਜ਼ਬਤ ਕੀਤਾ ਜਾ ਸਕਦਾ ਹੈ ਤੇ ਅੱਗੇ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਕੋਈ ਯਾਤਰੀ ਗੰਭੀਰ ਉਲੰਘਣਾ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਦਾ ਨਾਮ ‘ਨੋ-ਫਲਾਈ ਲਿਸਟ’ ਵਿਚ ਪਾਇਆ ਜਾ ਸਕਦਾ ਹੈ, ਜਿਸ ਨਾਲ ਉਸ ਦੀਆਂ ਉਡਾਣਾਂ ਭਰਨ ‘ਤੇ ਸਥਾਈ ਜਾਂ ਅਸਥਾਈ ਪਾਬੰਦੀ ਲੱਗ ਸਕਦੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀਡੀਓਜ਼ ‘ਚ ਅਕਸਰ ਅਣਜਾਣੇ ‘ਚ ਸੁਰੱਖਿਆ ਪ੍ਰਬੰਧ, ਸਟਾਫ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਪ੍ਰਣਾਲੀਆਂ ਰਿਕਾਰਡ ਹੋ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਜਨਤਕ ਹੋਣ ਨਾਲ ਏਅਰਪੋਰਟ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਏਅਰਪੋਰਟ ਸੰਚਾਲਨ ਨੂੰ ਸੁਰੱਖਿਅਤ ਰੱਖਣ ਲਈ ਡੀ.ਜੀ.ਸੀ.ਏ. ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਏਅਰਪੋਰਟ ਕੰਪਲੈਕਸ ‘ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨੂੰ ਲੈ ਕੇ ਸਖ਼ਤ ਨਿਯਮ ਲਾਗੂ

