#INDIA

ਰਾਕੇਸ਼ ਟਿਕੈਤ ਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਮੁਜ਼ੱਫਰਨਗਰ (ਯੂ.ਪੀ.), 11 ਮਾਰਚ (ਪੰਜਾਬ ਮੇਲ)- ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਭੋਰਾ ਕਲਾਂ ਦੇ ਐੱਸ.ਐੱਚ.ਓ. ਅਕਸ਼ੈ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ ਅਤੇ ਪੁਲਿਸ ਉਸ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਕਾਲ ਕਰਨ ਵਾਲੇ ਦੇ ਟਿਕਾਣੇ ਦਾ ਦਿੱਲੀ ਵਿਚ ਪਤਾ ਲੱਗਾ ਸੀ ਅਤੇ ਉਸ ਨੂੰ ਮੁਜ਼ੱਫਰਨਗਰ ਪੁਲਿਸ ਨੇ ਉਥੋਂ ਗ੍ਰਿਫ਼ਤਾਰ ਕਰ ਲਿਆ ਸੀ। ਰਾਕੇਸ਼ ਟਿਕੈਤ ਦੇ ਭਰਾ ਅਤੇ ਬੀ.ਕੇ.ਯੂ. ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਸੀ, ਜਿਸ ਨੇ ਕਿਸਾਨ ਅੰਦੋਲਨ ਤੋਂ ਵੱਖ ਨਾ ਹੋਣ ਦੀ ਹਾਲਤ ‘ਚ ਰਾਕੇਸ਼ ਟਿਕੈਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।

Leave a comment