#AMERICA

ਮੈਨਹਟਨ ਕੋਰਟ ‘ਚ ਟਰੰਪ ਦੀ ਹੋਈ ਪੇਸ਼ੀ; ਸੁਣਵਾਈ ਦੌਰਾਨ ਖੁਦ ਨੂੰ ਦੱਸਿਆ ਬੇਕਸੂਰ

-ਟਰੰਪ ਨੂੰ ਅਦਾਲਤ ਪਹੁੰਚਦਿਆਂ ਹੀ ਪੁਲਿਸ ਨੇ ਹਿਰਾਸਤ ‘ਚ ਲਿਆ
ਨਿਊਯਾਰਕ, 5 ਅਪ੍ਰੈਲ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੋਰਨ ਸਟਾਰ ਨੂੰ ਗੁਪਤ ਭੁਗਤਾਨ ਦੇ ਮਾਮਲੇ ‘ਚ ਮੈਨਹਟਨ ਦੀ ਅਦਾਲਤ ‘ਚ ਪੇਸ਼ ਹੋਏ। ਇਸ ਦੌਰਾਨ ਅਦਾਲਤ ਦੀ ਚਾਰਦੀਵਾਰੀ ‘ਚ ਪਹੁੰਚਦਿਆਂ ਹੀ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਹ ਅਦਾਲਤ ‘ਚ ਸੁਣਵਾਈ ਲਈ ਪੇਸ਼ ਹੋਏ। ਉਨ੍ਹਾਂ ਅਦਾਲਤ ਵਿਚ ਕਿਹਾ ਕਿ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇਹ ਸਭ ਕੁਝ ਅਮਰੀਕਾ ਵਿਚ ਹੋ ਰਿਹਾ ਹੈ। ਜੱਜ ਸਾਹਮਣੇ ਪੇਸ਼ ਹੋਣ ਤੋਂ ਬਾਅਦ ਟਰੰਪ ਅਦਾਲਤ ‘ਚੋਂ ਬਾਹਰ ਚਲੇ ਗਏ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਅਜਿਹੀਆਂ ਗੱਲਾਂ ਬੋਲਣ ਤੋਂ ਗੁਰੇਜ਼ ਕਰੋ, ਜਿਸ ਨਾਲ ਮਾਹੌਲ ਖਰਾਬ ਹੋਵੇ। ਕੋਰਟ ਰੂਮ ‘ਚ ਸੁਣਵਾਈ ਦੌਰਾਨ ਟਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ 34 ਮਾਮਲੇ ਗਲਤ ਹਨ।
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਟਰੰਪ ਨੂੰ ਕਰੀਬ 1 ਲੱਖ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਸਟੋਰਮੀ ਡੇਨੀਅਲਸ ਨੂੰ ਇਹ ਜੁਰਮਾਨਾ ਭਰਨਾ ਪਵੇਗਾ। ਸੁਣਵਾਈ ਤੋਂ ਬਾਅਦ ਟਰੰਪ ਅਦਾਲਤ ਤੋਂ ਚਲੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਮੈਨਹਟਨ ਦੀ ਅਪਰਾਧਿਕ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਪਰਾਧਿਕ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅਦਾਲਤ ਵਿਚ ਪੇਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਨੂੰ ਇਕ ਈਮੇਲ ਵੀ ਭੇਜੀ ਸੀ। ਉਨ੍ਹਾਂ ਇਸ ਈਮੇਲ ਦੇ ਵਿਸ਼ੇ ਵਿਚ ਲਿਖਿਆ ਕਿ ਮੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੇਰੀ ਆਖਰੀ ਈਮੇਲ। ਡੋਨਾਲਡ ਟਰੰਪ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ, ਜਿਨ੍ਹਾਂ ‘ਤੇ ਅਪਰਾਧਿਕ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਦੇ ਆਉਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਟਰੰਪ 8 ਕਾਰਾਂ ਦੇ ਕਾਫਲੇ ਨਾਲ ਕੋਰਟ ਕੰਪਲੈਕਸ ਪਹੁੰਚੇ। ਖ਼ਬਰਾਂ ਮੁਤਾਬਕ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਟਰੰਪ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਪੁੱਜੇ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

Leave a comment