#INDIA

ਮਾਣਹਾਨੀ ਮਾਮਲੇ ‘ਚ ਅਹਿਮਦਾਬਾਦ ਅਦਾਲਤ ਵਲੋਂ ਕੇਜਰੀਵਾਲ ਤੇ ਸੰਜੈ ਸਿੰਘ ਨੂੰ ਸੰਮਨ ਜਾਰੀ

ਅਹਿਮਦਾਬਾਦ, 17 ਅਪ੍ਰੈਲ (ਪੰਜਾਬ ਮੇਲ)- ਅਹਿਮਦਾਬਾਦ ਦੀ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਨੂੰ ਗੁਜਰਾਤ ਯੂਨੀਵਰਸਿਟੀ ਵਲੋਂ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ‘ਚ ਸੰਮਨ ਜਾਰੀ ਕੀਤੇ ਹਨ, ਜਿਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਖ਼ਿਲਾਫ਼ ਵਿਅੰਗਾਤਮਕ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਜੈਸ਼ਭਾਈ ਚੋਵਾਟੀਆ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਦੋਵੇਂ ਨੇਤਾਵਾਂ ਨੂੰ ਸੰਮਨ ਜਾਰੀ ਕਰਦਿਆਂ 23 ਮਈ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ। ਇਨ੍ਹਾਂ ਦੋਹਾਂ ਨੇਤਾਵਾਂ ਖ਼ਿਲਾਫ਼ ਗੁਜਰਾਤ ਯੂਨੀਵਰਸਿਟੀ ਦੇ ਰਜਿਸਟਰਾਰ ਪਿਯੂਸ਼ ਪਟੇਲ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਤੇ ਸੰਜੈ ਸਿੰਘ ਨੇ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਸਨ, ਜਦੋਂ ਗੁਜਰਾਤ ਹਾਈਕੋਰਟ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਸੀ, ਜਿਸ ‘ਚ ਗੁਜਰਾਤ ਯੂਨੀਵਰਸਿਟੀ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਡਿਗਰੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ।

Leave a comment