– ਈ-ਪਾਸਪੋਰਟ ਦੀ ਵਰਤੋਂ ਕਰਨ ਵਾਲੇ 120+ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋਇਆ ਭਾਰਤ
ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਭਾਰਤ ਵਿਚ ਪਾਸਪੋਰਟ ਸੇਵਾ ਹੁਣ ਵਧੇਰੇ ਹਾਈ-ਟੈੱਕ ਹੋ ਗਈ ਹੈ। ਸਰਕਾਰ ਨੇ ਦੇਸ਼ ਭਰ ਵਿਚ ਚਿੱਪ-ਆਧਾਰਿਤ ਬਾਇਓਮੈਟ੍ਰਿਕ ਈ-ਪਾਸਪੋਰਟ ਪੇਸ਼ ਕੀਤੇ ਹਨ, ਜਿਸ ਨਾਲ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਤੇਜ਼, ਸੁਰੱਖਿਅਤ ਅਤੇ ਸੰਪਰਕ ਰਹਿਤ ਹੋ ਗਈ ਹੈ। ਇਸ ਪਹਿਲਕਦਮੀ ਨਾਲ ਭਾਰਤ ਅਮਰੀਕਾ, ਯੂ.ਕੇ., ਫਰਾਂਸ, ਜਾਪਾਨ ਅਤੇ ਕੈਨੇਡਾ ਵਰਗੇ 120+ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜੋ ਪਹਿਲਾਂ ਹੀ ਈ-ਪਾਸਪੋਰਟ ਦੀ ਵਰਤੋਂ ਕਰ ਰਹੇ ਹਨ।
ਈ-ਪਾਸਪੋਰਟ ਇੱਕ ਇਲੈਕਟ੍ਰਾਨਿਕ ਦਸਤਾਵੇਜ਼ ਹੁੰਦਾ ਹੈ, ਜਿਸ ਵਿਚ ਪਾਸਪੋਰਟ ਦੇ ਪਿਛਲੇ ਕਵਰ ਵਿਚ ਇੱਕ ਆਰ.ਐੱਫ.ਆਈ.ਡੀ. ਚਿੱਪ ਅਤੇ ਐਂਟੀਨਾ ਲੱਗਿਆ ਹੁੰਦਾ ਹੈ। ਇਸ ਚਿੱਪ ਵਿਚ ਪਾਸਪੋਰਟ ਧਾਰਕ ਦਾ ਨਾਂ, ਜਨਮ ਮਿਤੀ, ਪਾਸਪੋਰਟ ਨੰਬਰ, ਚਿਹਰਾ ਅਤੇ ਫਿੰਗਰਪ੍ਰਿੰਟ ਵਰਗੀ ਬਾਇਓਮੈਟ੍ਰਿਕ ਅਤੇ ਨਿੱਜੀ ਜਾਣਕਾਰੀ ਸਟੋਰ ਕੀਤੀ ਜਾਂਦੀ ਹੈ। ਇਹ ਡੇਟਾ ਅੰਤਰਰਾਸ਼ਟਰੀ ਸੁਰੱਖਿਆ ਮਿਆਰਾਂ ਬੀ.ਏ.ਸੀ., ਪੀ.ਏ. ਅਤੇ ਈ.ਏ.ਸੀ. ਅਨੁਸਾਰ ਏਨਕ੍ਰਿਪਟ ਕੀਤਾ ਗਿਆ ਹੈ। ਭਾਰਤ ਵਿਚ ਇਹ ਸਹੂਲਤ ਪਾਸਪੋਰਟ ਸੇਵਾ ਪ੍ਰੋਗਰਾਮ 2.0 ਤਹਿਤ ਅਪ੍ਰੈਲ 2024 ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿਚ ਪਾਇਲਟ ਪ੍ਰੋਜੈਕਟ ਨਾਗਪੁਰ, ਭੁਵਨੇਸ਼ਵਰ, ਜੰਮੂ, ਗੋਆ, ਸ਼ਿਮਲਾ, ਜੈਪੁਰ, ਚੇਨਈ, ਹੈਦਰਾਬਾਦ ਵਰਗੇ ਸ਼ਹਿਰਾਂ ਵਿਚ ਲਾਗੂ ਕੀਤਾ ਗਿਆ ਸੀ। ਕੇਂਦਰ ਸਰਕਾਰ ਦਾ ਟੀਚਾ ਜੂਨ 2025 ਤੱਕ ਦੇਸ਼ ਭਰ ਵਿਚ ਇਸ ਨੂੰ ਪੂਰੀ ਤਰ੍ਹਾਂ ਫੈਲਾਉਣਾ ਹੈ।
ਈ-ਪਾਸਪੋਰਟ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਆਧੁਨਿਕ ਬਣਾਏਗਾ। ਯਾਤਰੀ ਹੁਣ ਈ-ਗੇਟਾਂ ਰਾਹੀਂ ਇੱਕ ਸਵੈਚਾਲਿਤ ਅਤੇ ਸੰਪਰਕ ਰਹਿਤ ਪ੍ਰਕਿਰਿਆ ਵਿਚੋਂ ਲੰਘ ਸਕਣਗੇ, ਜਿਸ ਨਾਲ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਹ ਯਾਤਰਾ ਦੇ ਅਨੁਭਵ ਨੂੰ ਤੇਜ਼ ਅਤੇ ਵਧੇਰੇ ਆਰਾਮਦਾਇਕ ਬਣਾਏਗਾ।
ਨਾਗਰਿਕ ਪਹਿਲਾਂ ਵਾਂਗ ਪਾਸਪੋਰਟ ਸੇਵਾ ਪੋਰਟਲ ‘ਤੇ ਈ-ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹਨ। ਤੁਹਾਨੂੰ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਜਾਂ ਡਾਕਘਰ ਪਾਸਪੋਰਟ ਕੇਂਦਰ ਜਾਣਾ ਪਵੇਗਾ ਅਤੇ ਬਾਇਓਮੈਟ੍ਰਿਕ ਜਾਣਕਾਰੀ ਦੇਣੀ ਪਵੇਗੀ। ਭਵਿੱਖ ਵਿਚ ਇਸ ਵਿਚ ਡਿਜੀਟਲ ਵੀਜ਼ਾ, ਮੋਬਾਈਲ ਪਾਸਪੋਰਟ ਵਾਲੇਟ, ਆਧਾਰ ਅਤੇ ਡਿਜੀਲਾਕਰ ਏਕੀਕਰਣ ਵਰਗੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ, ਜੋ ਅੰਤਰਰਾਸ਼ਟਰੀ ਯਾਤਰਾ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਕਾਗਜ਼ ਰਹਿਤ ਬਣਾ ਦੇਣਗੀਆਂ।
ਈ-ਪਾਸਪੋਰਟ ਸਹੂਲਤ ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਅਮਰੀਕਾ, ਯੂ.ਕੇ., ਫਰਾਂਸ, ਜਾਪਾਨ, ਸਿੰਗਾਪੁਰ ਆਦਿ ਦੇਸ਼ਾਂ ਵਿਚ ਬਿਹਤਰ ਪਛਾਣ, ਸਨਮਾਨ ਅਤੇ ਤੇਜ਼ ਇਮੀਗ੍ਰੇਸ਼ਨ ਕਲੀਅਰੈਂਸ ਮਿਲੇਗੀ। ਇਸ ਪਹਿਲਕਦਮੀ ਨੂੰ ਭਾਰਤ ਦੇ ਡਿਜੀਟਲ ਪਰਿਵਰਤਨ ਵੱਲ ਇੱਕ ਹੋਰ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਭਾਰਤ ਵੱਲੋਂ ਈ-ਪਾਸਪੋਰਟ ਸਰਵਿਸ ਲਾਂਚ
