ਵਾਸ਼ਿੰਗਟਨ ਡੀ.ਸੀ., 12 ਫਰਵਰੀ (ਪੰਜਾਬ ਮੇਲ)- ਐਲੋਨ ਮਸਕ ਦੀ ਅਗਵਾਈ ਵਾਲੀ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏ.ਆਈ.ਡੀ.) ਵੱਲੋਂ ਭਾਰਤ ਨੂੰ ਦਿੱਤੀ ਜਾਂਦੀ ਫੰਡਿੰਗ ਬੰਦ ਹੋਣ ਦੇ ਕਗਾਰ ‘ਤੇ ਹੈ। ਮਸਕ ਨੇ ਇਸ ਸੰਬੰਧੀ ਬਿਆਨ ਦਿੰਦਿਆਂ ਕਿਹਾ ਹੈ ਕਿ ਪਿਛਲੇ 70 ਸਾਲਾਂ ਤੋਂ ਭਾਰਤ ਨੂੰ ਇਸ ਏਜੰਸੀ ਵੱਲੋਂ ਸਹਾਇਤਾ ਭੇਜੀ ਜਾ ਰਹੀ ਹੈ, ਜੋ ਕਿ ਉਥੋਂ ਦੀ ਸਿਹਤ, ਸਿੱਖਿਆ ਅਤੇ ਆਰਥਿਕ ਵਿਕਾਸ ਵਿਚ ਮਦਦ ਕਰਨ ਲਈ ਦਿੱਤੀ ਜਾਂਦੀ ਸੀ। ਯੂ.ਐੱਸ. ਸਰਕਾਰ ਦੀ ਵਿਦੇਸ਼ੀ ਸਹਾਇਤਾ ਵੈੱਬਸਾਈਟ ਅਨੁਸਾਰ ਵਿੱਤੀ ਸਾਲ 2023-24 ਵਿਚ ਭਾਰਤ ਨੂੰ ਯੂ.ਐੱਸ.ਏ.ਆਈ.ਡੀ. ਅਲਾਟਮੈਂਟਾਂ ‘ਚ ਸਿਹਤ ਸੇਵਾਵਾਂ ਲਈ 55 ਮਿਲੀਅਨ ਡਾਲਰ, ਵਾਤਾਵਰਨ ਸੁਧਾਰ ਲਈ 18 ਮਿਲੀਅਨ ਡਾਲਰ, ਸਮਾਜਿਕ ਬੁਨਿਆਦੀ ਢਾਂਚੇ ਲਈ 7.8 ਮਿਲੀਅਨ ਡਾਲਰ ਅਤੇ ਸਰਕਾਰੀ ਤੇ ਸਿਵਲ ਸੁਸਾਇਟੀ ਪ੍ਰੋਗਰਾਮਾਂ ਲਈ 6.8 ਮਿਲੀਅਨ ਡਾਲਰ ਦੀ ਰਾਸ਼ੀ ਸਹਾਇਤਾ ਵਜੋਂ ਭੇਜੀ ਗਈ। ਇਸ ਏਜੰਸੀ ਨੇ ਭਾਰਤ ਦੇ ਸਿਹਤ ਖੇਤਰਾਂ ਵਿਚ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣ, ਤਪਦਿਕ, ਐੱਚ.ਆਈ.ਵੀ. ਅਤੇ ਕੋਵਿਡ-19 ਮਹਾਂਮਾਰੀਆਂ ਲਈ ਇਸ ਏਜੰਸੀ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ। 1990 ਤੋਂ ਲੈ ਕੇ ਅਮਰੀਕਾ ਦੀ ਇਸ ਏਜੰਸੀ ਨੇ ਭਾਰਤ ਵਿਚ 20 ਲੱਖ ਤੋਂ ਵੱਧ ਬੱਚਿਆਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਕੀਤੀ ਹੈ। ਭਾਰਤ ਦੇ ਸਿੱਖਿਆ ਖੇਤਰ ਵਿਚ 20 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਾਇਆ ਹੈ। 61 ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਸਹਾਇਤਾ ਕੀਤੀ ਹੈ। 3 ਲੱਖ ਤੋਂ ਵੱਧ ਲੋਕਾਂ ਨੂੰ ਘਰੇਲੂ ਪਾਖਾਨੇ ਬਣਾ ਕੇ ਦਿੱਤੇ ਹਨ। ਕਿਰਸਾਨੀ ਖੇਤਰ ਵਿਚ ਯੂ.ਐੱਸ.ਏ.ਆਈ.ਡੀ. ਨੇ ਵੱਡੀ ਸਹਾਇਤਾ ਕੀਤੀ ਹੈ।
ਮਸਕ ਦੇ ਇਸ ਬਿਆਨ ਨਾਲ ਭਾਰਤ ਸਰਕਾਰ ਨੂੰ ਕਾਫੀ ਘਾਟਾ ਪੈਣ ਦੀ ਉਮੀਦ ਹੈ।
ਬੰਦ ਹੋ ਸਕਦੀ ਹੈ ਅਮਰੀਕਾ ਵੱਲੋਂ ਭਾਰਤ ਨੂੰ ਫੰਡਿੰਗ!
