#AMERICA

ਸੈਕਰਾਮੈਂਟੋ ਸਿਟੀ ਹਾਲ ‘ਚ ਸਿੱਖਾਂ ਨੂੰ ਕਿਰਪਾਨ ਲਿਜਾਣ ਦੀ ਇਜਾਜ਼ਤ ਵਾਲਾ ਨਵਾਂ ਕਾਨੂੰਨ ਲਾਗੂ

ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਸੈਕਰਾਮੈਂਟੋ ਸਿਟੀ ਹਾਲ ਦੇ ਅੰਦਰ ਧਾਰਮਿਕ ਸ਼ਸਤਰ (ਕਿਰਪਾਨ) ਲਿਜਾਣ ਦੀ ਇਜਾਜ਼ਤ ਦੇਣ ਵਾਲਾ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। ਇਸ ਇਤਿਹਾਸਕ ਮੌਕੇ ‘ਤੇ ਸਿੱਖ ਭਾਈਚਾਰੇ ਦੇ ਮੈਂਬਰ ਸਿਟੀ ਕੌਂਸਲ ਦੇ ਚੈਂਬਰ ਵਿਚ ਇਕੱਠੇ ਹੋਏ। ਸਿੱਖ ਧਰਮ ਵਿਚ ਰਸਮੀ ਮਾਨਤਾ ਵਜੋਂ ਪੰਜ ਕਕਾਰ ਧਾਰਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚੋਂ ਇੱਕ ਕਿਰਪਾਨ ਹੈ।
ਇਸ ਤੋਂ ਪਹਿਲਾਂ ਸਿਟੀ ਹਾਲ ਵਿਚ ਹਰ ਤਰ੍ਹਾਂ ਦੇ ਹਥਿਆਰਾਂ ‘ਤੇ ਪਾਬੰਦੀ ਹੋਣ ਕਾਰਨ ਕਿਰਪਾਨਧਾਰੀ ਸਿੱਖ ਸਿਟੀ ਹਾਲ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਸਨ ਅਤੇ ਨਾ ਹੀ ਸ਼ਹਿਰ ਦੀ ਸਰਕਾਰ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਸਕਦੇ ਸਨ। ਇਸ ਮੌਕੇ ਡਾਕਟਰ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਇਸ ਖੇਤਰ ਵਿਚ ਰਹਿ ਰਹੇ ਹਨ ਪਰ ਪਹਿਲੀ ਵਾਰ ਉਹ ਸਿਟੀ ਹਾਲ ਦੇ ਅੰਦਰ ਪੂਰਨ ਮਹਿਸੂਸ ਕਰਦੇ ਹੋਏ ਦਾਖਲ ਹੋਏ ਹਨ।
ਸਿਟੀ ਹਾਲ ਵਿਚ ਕਿਰਪਾਨ ਲਿਜਾਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਕਿਰਪਾਨ ਦੀ ਲੰਬਾਈ 10 ਇੰਚ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਇਹ ਗਾਤਰੇ (ਮਿਆਨ) ਵਿਚ ਹੋਣੀ ਲਾਜ਼ਮੀ ਹੈ। ਕੌਂਸਲ ਮੈਂਬਰ ਕੈਟੀ ਮੇਪਲ, ਜਿਨ੍ਹਾਂ ਨੇ ਇਸ ਆਰਡੀਨੈਂਸ ਨੂੰ ਪਾਸ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ, ਨੇ ਕਿਹਾ ਕਿ ਇਹ ਸਿਰਫ਼ ਇੱਕ ਨੀਤੀ ਨਹੀਂ ਹੈ, ਸਗੋਂ ਇਹ ਸਤਿਕਾਰ ਅਤੇ ਸਾਰਿਆਂ ਨੂੰ ਸ਼ਾਮਲ ਕਰਨ ਦੀ ਭਾਵਨਾ ਬਾਰੇ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ, ਤਾਂ ਕਿ ਹਰ ਕੋਈ ਸਾਡੇ ਨਾਗਰਿਕ ਸਥਾਨਾਂ ਵਿਚ ਆਪਣੀ ਪਛਾਣ ਨਾਲ ਪੂਰੀ ਤਰ੍ਹਾਂ ਮੌਜੂਦ ਰਹਿ ਸਕੇ।
ਇਸ ਮੌਕੇ ਕਈ ਬੁਲਾਰਿਆਂ ਨੇ ਇਸ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਸਿਟੀ ਕੌਂਸਲ ਨੇ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦੇਣ ਦਾ ਮਤਾ ਵੀ ਪਾਸ ਕੀਤਾ। ਸਿੱਖ ਸੰਸਥਾ ‘ਜਕਾਰਾ ਮੂਵਮੈਂਟ’ ਦੇ ਖੇਤਰੀ ਨਿਰਦੇਸ਼ਕ ਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਪਲ ਸਾਡੀ ਪਛਾਣ ਬਾਰੇ ਭਾਈਚਾਰੇ ਨੂੰ ਜਾਗਰੂਕ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਬਾਰੇ ਸਮਾਜ ਵਿਚ ਚੰਗੀ ਜਾਣਕਾਰੀ ਜਾਵੇਗੀ।