ਜਲੰਧਰ, 28 ਨਵੰਬਰ (ਪੰਜਾਬ ਮੇਲ)- ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਹੋਏ ਸਿਆਸੀ ਸਮਝੌਤੇ ਦਾ ਮਹੱਤਵ ਸਿਰਫ਼ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਸਿਆਸੀ ਅਤੇ ਸਮਾਜਿਕ ਮਹੱਤਵ ਉੱਤਰ ਪ੍ਰਦੇਸ਼ ਦੇ ਤਿਹਾਈ ਖੇਤਰ ਅਤੇ ਉੱਤਰਾਖੰਡ ਦੇ ਕੁਮਾਊਂ ਮੰਡਲ ਤੱਕ ਵੀ ਵੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਇਲਾਕਿਆਂ ਵਿਚ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ, ਜਿੱਥੇ ਸਿੱਖ ਭਾਈਚਾਰੇ ਦੀ ਚੰਗੀ ਆਬਾਦੀ ਹੈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ 2027 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ਵਿਚ ਇਹ ਗਠਜੋੜ ਉਨ੍ਹਾਂ ਸਿੱਖ ਅਤੇ ਪੰਜਾਬੀ ਭਾਈਚਾਰੇ ਵਿਚਾਲੇ ਸਿਆਸੀ ਚਰਚਾ ਦਾ ਵਿਸ਼ਾ ਬਣ ਸਕਦਾ ਹੈ।
ਅਕਾਲੀ ਦਲ ਨੇ ਕਰੀਬ ਇਕ ਦਹਾਕੇ ਪਹਿਲਾਂ ਵੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਲ 2015 ਵਿਚ ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਨੇ ਉੱਤਰ ਪ੍ਰਦੇਸ਼ ਦੀਆਂ 35 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦੀ ਯੋਜਨਾ ਐਲਾਨੀ ਸੀ। ਮਈ 2016 ਵਿਚ ਪਾਰਟੀ ਨੇ ਦੋਵੇਂ ਸੂਬਿਆਂ ਵਿਚ ਸੰਗਠਨਾਤਮਕ ਵਿਸਥਾਰ ਸ਼ੁਰੂ ਕੀਤਾ। ਸੇਵਾ ਮੁਕਤ ਆਈ. ਏ. ਐੱਸ. ਅਧਿਕਾਰੀ ਰਾਏ ਸਿੰਘ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੰਜਾਬ ਅਤੇ ਦਿੱਲੀ ਦੇ 5 ਸੀਨੀਅਰ ਆਗੂਆਂ ਦਾ ਇਕ ਦਲ ਉਨ੍ਹਾਂ ਦੀ ਮਦਦ ਲਈ ਬਣਾਇਆ ਗਿਆ ਸੀ।
ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਕਰੀਬ 40 ਅਤੇ ਉੱਤਰਾਖੰਡ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ ਸੰਭਾਵਨਾਵਾਂ ਤਲਾਸ਼ੀਆਂ ਸਨ। ਅਕਾਲੀਆਂ ਦੀ ਅਗਵਾਈ ਨੇ ਭਾਜਪਾ ਦੇ ਨਾਲ ਗਠਜੋੜ ਦੀ ਇੱਛਾ ਜਤਾਈ ਸੀ ਪਰ ਸਮਝੌਤਾ ਨਾ ਹੋਣ ‘ਤੇ ਇੱਕਲੇ ਚੋਣਾਂ ਲੜਨ ਦੀ ਗੱਲ ਕਹੀ ਸੀ। ਸਤੰਬਰ 2016 ਵਿਚ ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਸਿੱਖ ਉਮੀਦਵਾਰ ਸਨ। ਰਾਏ ਸਿੰਘ ਨੂੰ ਪਲੀਆ ਅਤੇ ਉਨ੍ਹਾਂ ਦੀ ਪਤਨੀ ਰਾਜ ਰਾਏ ਨੂੰ ਪੀਲੀਭੀਤ ਤੋਂ ਉਮੀਦਵਾਰ ਐਲਾਨਿਆ ਗਿਆ ਸੀ।

