– ਇਸਾਈ ਸਾਧਵੀ ਨੇ ਜਬਰ-ਜਨਾਹ ਕਰਨ ਦੇ ਲਾਏ ਸਨ ਦੋਸ਼
ਤਿਰੂਵਨੰਤਪੁਰਮ, 1 ਜੂਨ (ਪੰਜਾਬ ਮੇਲ)- ਬਿਸ਼ਪ ਫਰੈਂਕੋ ਮੁਲੱਕਲ ਨੇ ਅੱਜ ਜਲੰਧਰ ਦੇ ਪਾਦਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ‘ਤੇ ਇਸਾਈ ਸਾਧਵੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਲੱਗੇ ਸਨ ਤੇ ਪੋਪ ਫਰਾਂਸਿਸ ਨੇ ਸਾਲ 2018 ‘ਚ ਮੁਲੱਕਲ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਤੋਂ ਅਸਥਾਈ ਤੌਰ ‘ਤੇ ਲਾਂਭੇ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕੇਰਲ ਦੀ ਸਥਾਨਕ ਅਦਾਲਤ ਨੇ ਪਿਛਲੇ ਸਾਲ ਜਬਰ-ਜਨਾਹ ਦੇ ਕੇਸ ਵਿਚ ਮੁਲੱਕਲ ਨੂੰ ਬਰੀ ਕਰ ਦਿੱਤਾ ਸੀ। ਸੂਤਰਾਂ ਨੇ ਏਜੰਸੀ ਨੂੰ ਦੱਸਿਆ ਕਿ ਮੁਲੱਕਲ ਦੇ ਅਸਤੀਫਾ ਨਾਲ ਨਵੇਂ ਬਿਸ਼ਪ ਦੀ ਨਿਯੁਕਤੀ ਲਈ ਰਾਹ ਪੱਧਰਾ ਹੋਵੇਗਾ। ਮੁਲੱਕਲ ਨੇ ਇੱਕ ਵੀਡੀਓ ਜਾਰੀ ਕਰ ਕੇ ਪੁਸ਼ਟੀ ਕੀਤੀ ਹੈ ਕਿ ਅੱਜ ਉਸ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਮੁਲੱਕਲ ਨੇ ਇਸ ਸਾਲ 8 ਫਰਵਰੀ ਨੂੰ ਪੋਪ ਨਾਲ ਮੁਲਾਕਾਤ ਕੀਤੀ ਸੀ ਅਤੇ ਜਬਰ-ਜਨਾਹ ਦੇ ਕੇਸ ਵਿਚ ਅਦਾਲਤ ਵਲੋਂ ਬਰੀ ਕੀਤੇ ਜਾਣ ਤੋਂ ਬਾਅਦ ਪੋਪ ਨਾਲ ਇਹ ਉਸ ਦੀ ਪਹਿਲੀ ਮੁਲਾਕਾਤ ਸੀ। ਜ਼ਿਕਰਯੋਗ ਹੈ ਕਿ ਸਾਲ 2018 ਵਿਚ ਇਸਾਈ ਸਾਧਵੀ ਨੇ ਦੋਸ਼ ਲਾਇਆ ਸੀ ਕਿ ਫਰੈਂਕੋ ਮੁਲੱਕਲ ਨੇ 2014 ਤੋਂ 2016 ਦੌਰਾਨ ਆਪਣੇ ਕੇਰਲਾ ਦੌਰੇ ਦੌਰਾਨ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ। ਸਥਾਨਕ ਅਦਾਲਤ ਵੱਲੋਂ ਜਬਰ-ਜਨਾਹ ਦੇ ਮਾਮਲੇ ਵਿਚ ਬਰੀ ਕੀਤੇ ਜਾਣ ਦੇ ਬਾਵਜੂਦ ਮੁਲੱਕਲ ਨੂੰ ਚਰਚ ਵਿਚ ਕੋਈ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ।