-ਗੁਰਮਿੰਦਰ ਸਿੰਘ ਗੈਰੀ ਦਾ ਅਸਤੀਫ਼ਾ ਮਨਜ਼ੂਰ
ਚੰਡੀਗੜ੍ਹ, 31 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (ਏ.ਜੀ.) ਨਿਯੁਕਤ ਕੀਤਾ ਹੈ। ਨਿਆਂ ਵਿਭਾਗ ਨੇ ਨਵੇਂ ਏ.ਜੀ. ਦੀ ਨਿਯੁਕਤੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਅਹੁਦਾ ਸੰਭਾਲ ਲਿਆ ਹੈ। ਉਹ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।
ਨਵੇਂ ਏ.ਜੀ. ਬੇਦੀ ਰਾਮਪੁਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਾਦਾ ਵੀ ਮੰਨੇ-ਪ੍ਰਮੰਨੇ ਵਕੀਲ ਰਹੇ ਹਨ। ਉਨ੍ਹਾਂ 2004-05 ‘ਚ ਵਕਾਲਤ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਅਤੇ ਉਹ 2015-16 ਤੋਂ ਹਾਈ ਕੋਰਟ ‘ਚ ਪ੍ਰੈਕਟਿਸ ਕਰ ਰਹੇ ਹਨ। ਉਹ ਪਰਿਵਾਰ ਸਮੇਤ ਕੈਨੇਡਾ (ਪੀ.ਆਰ.) ਚਲੇ ਗਏ ਸਨ। ਉਨ੍ਹਾਂ ਸਾਲ ਮਗਰੋਂ ਵਤਨ ਵਾਪਸੀ ਕੀਤੀ ਹੈ ਅਤੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ। ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨੇੜਲਿਆਂ ‘ਚੋਂ ਮੰਨੇ ਜਾਂਦੇ ਹਨ।
ਇਸ ਤੋਂ ਪਹਿਲਾਂ ਗੁਰਮਿੰਦਰ ਸਿੰਘ ਗੈਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਅਸਤੀਫ਼ੇ ‘ਚ ਪ੍ਰਾਈਵੇਟ ਪ੍ਰੈਕਟਿਸ ਮੁੜ ਸ਼ੁਰੂ ਕਰਨ ਦਾ ਹਵਾਲਾ ਦਿੱਤਾ ਸੀ। ‘ਆਪ’ ਸਰਕਾਰ ਵੱਲੋਂ ਨਿਯੁਕਤ ਕੀਤੇ ਗੈਰੀ ਅਜਿਹੇ ਤੀਜੇ ਐਡਵੋਕੇਟ ਜਨਰਲ ਹਨ, ਜਿਨ੍ਹਾਂ ਅਸਤੀਫ਼ਾ ਸੌਂਪਿਆ ਹੈ। ‘ਆਪ’ ਸਰਕਾਰ ਨੇ 6 ਅਕਤੂਬਰ, 2023 ਨੂੰ ਗੁਰਮਿੰਦਰ ਸਿੰਘ ਗੈਰੀ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ 31 ਮਾਰਚ ਤੱਕ ਸੀ। ਪਿਛਲੀ ਚੰਨੀ ਸਰਕਾਰ ਵੱਲੋਂ ਨਿਯੁਕਤ ਏ.ਜੀ. ਡੀ.ਐੱਸ. ਪਟਵਾਲੀਆ ਨੇ ਨਵੀਂ ਸਰਕਾਰ ਬਣਨ ਤੋਂ ਕੁੱਝ ਸਮੇਂ ਮਗਰੋਂ ਹੀ ਅਸਤੀਫ਼ਾ ਦੇ ਦਿੱਤਾ ਸੀ। ‘ਆਪ’ ਸਰਕਾਰ ਨੇ ਸਭ ਤੋਂ ਪਹਿਲਾਂ ਅਨਮੋਲ ਰਤਨ ਨੂੰ ਏ.ਜੀ. ਲਗਾਇਆ ਸੀ, ਜਿਨ੍ਹਾਂ ਦੇ ਅਸਤੀਫ਼ੇ ਮਗਰੋਂ ਵਿਨੋਦ ਘਈ ਨੂੰ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਵਿਨੋਦ ਘਈ ਨੇ ਵੀ 5 ਅਕਤੂਬਰ, 2023 ਨੂੰ ਅਸਤੀਫ਼ਾ ਦੇ ਦਿੱਤਾ ਸੀ।
ਚਰਚੇ ਇਹ ਵੀ ਹਨ ਕਿ ਸੁਪਰੀਮ ਕੋਰਟ ਵਿਚ ਬਿਕਰਮ ਸਿੰਘ ਮਜੀਠੀਆ ਦੇ ਕੇਸਾਂ ‘ਚ ਗੁਰਮਿੰਦਰ ਸਿੰਘ ਗੈਰੀ ਦੇ ਨਾ ਪੇਸ਼ ਹੋਣ ਅਤੇ ਹਾਈ ਕੋਰਟ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ ਦੇ ਕੇਸਾਂ ਵਿਚ ਸਰਕਾਰ ਨੂੰ ਮਿਲੀ ਨਮੋਸ਼ੀ ਨੂੰ ਵੀ ਗੁਰਮਿੰਦਰ ਸਿੰਘ ਗੈਰੀ ਦੇ ਅਸਤੀਫ਼ੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ‘ਆਪ’ ਸਰਕਾਰ ਆਪਣੇ ਤਿੰਨ ਵਰ੍ਹਿਆਂ ਦੇ ਕਾਰਜਕਾਲ ਮਗਰੋਂ ਸਮੁੱਚੇ ਢਾਂਚੇ ਵਿਚ ਫੇਰਬਦਲ ਕਰ ਰਹੀ ਹੈ, ਜਿਸ ਨੂੰ ਗੈਰੀ ਦੇ ਅਸਤੀਫ਼ੇ ਦੀ ਇੱਕ ਕੜੀ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਤੱਕ ਇਹ ਗੱਲ ਵੀ ਪੁੱਜੀ ਸੀ ਕਿ ਏ.ਜੀ. ਦਫ਼ਤਰ ਵਿਚ ਐਡਵੋਕੇਟ ਜਨਰਲ ਆਪਣੇ ਲਾਅ ਅਫ਼ਸਰਾਂ ਦੀ ਟੀਮ ਨਾਲ ਤਾਲਮੇਲ ਬਣਾ ਕੇ ਨਹੀਂ ਚੱਲ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਮਨਿੰਦਰਜੀਤ ਸਿੰਘ ਬੇਦੀ ਨਵੇਂ ਐਡਵੋਕੇਟ ਜਨਰਲ ਨਿਯੁਕਤ
