#PUNJAB

ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਸੁਨੀਲ ਜਾਖੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 6 ਜੁਲਾਈ (ਪੰਜਾਬ ਮੇਲ)-ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਇਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਨਜ਼ਰ ਆਈ, ਜਿਸ ਵਿਚ ਗੁਜਰਾਤ ਦੇ ਸਾਬਕਾ ਸੀ.ਐੱਮ. ਵਿਜੇ ਰੂਪਾਨੀ, ਤਰੁਣ ਚੁੱਘ, ਮਨਜਿੰਦਰ ਸਿੰਘ ਸਿਰਸਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵੀ ਸ਼ਾਮਲ ਸਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੁਨੀਲ ਜਾਖੜ ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਫਿਰ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣ ਲਈ ਵੀ ਪਹੁੰਚੇ। ਸੁਨੀਲ ਜਾਖੜ ਨਾਲ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਸੀਨੀਅਰ ਲੀਡਰਸ਼ਿਪ ਨੇ ਫਿਲਹਾਲ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ।
ਸੁਨੀਲ ਜਾਖੜ ਨਾਲ ਮੌਜੂਦ ਵਿਜੇ ਰੂਪਾਨੀ, ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸੀਨੀਅਰ ਆਗੂਆਂ ਨੇ ਸਪੱਸ਼ਟ ਕਿਹਾ ਕਿ 2024 ਵਿਚ ਭਾਜਪਾ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਬਾਅਦ ਵੀ ਭਾਜਪਾ 117 ਵਿਧਾਨ ਸਭਾ ਸੀਟਾਂ ਲਈ ਤਿਆਰੀ ਕਰ ਰਹੀ ਹੈ।

Leave a comment