#Featured

‘ਪੰਜਾਬ ‘ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 7 ਮਈ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ’

ਚੋਣ ਜ਼ਾਬਤੇ ਦੀ ਉਲੰਘਣਾ ਅਤੇ ‘ਫੇਕ ਨਿਊਜ਼’ ‘ਤੇ ਤਿੱਖੀ ਨਜ਼ਰ ਰੱਖਣ ਦੇ ਅਧਿਕਾਰੀਆਂ ਨੂੰ ਨਿਰਦੇਸ਼
ਚੰਡੀਗੜ੍ਹ, 2 ਮਈ (ਪੰਜਾਬ ਮੇਲ)-ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਅਤੇ ਐੱਸ.ਐੱਸ. ਪੀਜ਼ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿਬਿਨ ਸੀ. ਨੇ ਪੋਲਿੰਗ ਸਟੇਸ਼ਨਾਂ ‘ਤੇ ਪ੍ਰਬੰਧਾਂ, ਪੋਲਿੰਗ ਸਟਾਫ ਦੀ ਤਾਇਨਾਤੀ, ਸੰਵੇਦਨਸ਼ੀਲ ਮੈਪਿੰਗ, ‘ਸਵੀਪ’ ਗਤੀਵਿਧੀਆਂ, ਵੈਬਕਾਸਟਿੰਗ, ਸੀ.ਆਰ.ਪੀ.ਐੱਫ. ਦੀ ਤਾਇਨਾਤੀ, ਸੰਚਾਰ ਯੋਜਨਾ, ਅੰਤਰਰਾਜੀ ਸਰਹੱਦਾਂ ‘ਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੂਬੇ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਸਾਰੇ ਪ੍ਰਬੰਧਾਂ ਦੀਆਂ ਤਿਆਰੀਆਂ ਦੀ ਪ੍ਰਗਤੀ ‘ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਚੋਣਾਂ ਨਾਲ ਸੰਬੰਧਿਤ ਸਾਰੇ ਕਾਰਜਾਂ ਨੂੰ ਨਿਰਧਾਰਿਤ ਸਮਾਂਹੱਦ ਦੇ ਅੰਦਰ ਪੂਰਾ ਕਰਨ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਚੋਣ ਪਹਿਚਾਣ ਪੱਤਰ, ਵੋਟਰਾਂ ਦੀ ਜਾਣਕਾਰੀ, ਵੈੱਬਕਾਸਟਿੰਗ, ਈ.ਵੀ.ਐੱਮ. ਸਟੋਰੇਜ ਅਤੇ ਟਰਾਂਸਪੋਰਟਿੰਗ, ਫੇਕ ਨਿਊਜ਼ ਦੀ ਜਾਂਚ, ਸੰਵੇਦਨਸ਼ੀਲ ਪੋਲਿੰਗ ਖੇਤਰਾਂ ਦੀ ਪਛਾਣ, ਹੋਰ ਮਾਡਲ ਪੋਲਿੰਗ ਬੂਥਾਂ ਦੀ ਸਥਾਪਨਾ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਅਤੇ ਹਰੇਕ ਜ਼ਿਲ੍ਹੇ ਤੋਂ ਤਿਆਰੀਆਂ ਸੰਬੰਧੀ ਜਾਣਕਾਰੀ ਲਈ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਮੁੱਖ ਚੋਣ ਅਧਿਕਾਰੀ ਨੂੰ ਚੋਣਾਂ ਵਿਚ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪਹਿਲਕਦਮੀਆਂ ਬਾਰੇ ਜਾਣੂੰ ਕਰਵਾਇਆ। ਮੀਟਿੰਗ ਦੌਰਾਨ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਵਧੀਕ ਡੀ.ਜੀ.ਪੀ.-ਕਮ-ਰਾਜ ਪੁਲਿਸ ਨੋਡਲ ਅਫ਼ਸਰ ਮੁਹੰਮਦ ਫਾਰੂਕੀ, ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਤੇ ਅਭਿਜੀਤ ਕਪਲਿਸ਼, ਜੁਆਇੰਟ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਤੇ ਹੋਰ ਅਧਿਕਾਰੀ ਹਾਜ਼ਰ ਸਨ।