ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਵੇਂ ਮੋਬਾਈਲ ਚੋਰੀ

69
Share

-ਕਤਲ ਦੀ ਸਾਜ਼ਿਸ਼ ਰਚਨ ਵਾਲਿਆਂ ਦੇ ਨਾਂ ਉਜਾਗਰ ਕਰਨ ਵਾਲੀ ਵੀਡੀਓ ਕਲਿੱਪ ਬਣਾਉਣ ਦਾ ਕੀਤਾ ਸੀ ਦਾਅਵਾ
ਇਸਲਾਮਾਬਾਦ, 17 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚਨ ਵਾਲੇ ਸਾਰੇ ਲੋਕਾਂ ਦੇ ਨਾਂ ਉਜਾਗਰ ਕਰਨ ਵਾਲੀ ਇਕ ਵੀਡੀਓ ਕਲਿੱਪ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ 2 ਮੋਬਾਇਲ ਫੋਨ ਚੋਰੀ ਹੋ ਗਏ। ਇਹ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ। ਖਾਨ ਦੇ ਬੁਲਾਰੇ ਸ਼ਹਿਬਾਜ਼ ਗਿੱਲ ਨੇ ਟਵੀਟ ਕੀਤਾ ਕਿ ਖਾਨ ਸ਼ਨੀਵਾਰ ਨੂੰ ਸਿਆਲਕੋਟ ‘ਚ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਉਦੋਂ ਸਿਆਲਕੋਟ ਹਵਾਈ ਅੱਡੇ ‘ਤੇ ਉਨ੍ਹਾਂ ਦੇ ਫੋਨ ਚੋਰੀ ਹੋ ਗਏ।
ਸਾਬਕਾ ਪ੍ਰਧਾਨ ਮੰਤਰੀ ਨੇ ਰੈਲੀ ‘ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੇ ‘ਸਾਰੇ ਸਾਜ਼ਿਸ਼ਕਾਰਾਂ’ ਦਾ ਨਾਮ ਉਜਾਗਰ ਕਰਦੇ ਹੋਏ ਇਕ ਵੀਡੀਓ ਰਿਕਾਰਡ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ (ਖਾਨ ਦਾ) ਕਤਲ ਹੋਇਆ, ਤਾਂ ਇਸ ਸਥਿਤੀ ਵਿਚ ਇਸ ਵੀਡੀਓ ਨੂੰ ਜਾਰੀ ਕੀਤਾ ਜਾਵੇਗਾ। ਗਿੱਲ ਨੇ ਕਿਹਾ ਕਿ ਇਕ ਪਾਸੇ ਤਾਂ ਇਮਰਾਨ ਖਾਨ ਨੂੰ ਜਾਣਬੁੱਝ ਕੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਾਈ ਗਈ ਅਤੇ ਦੂਜੇ ਪਸੇ ਉਨ੍ਹਾਂ ਦੇ 2 ਮੋਬਾਇਲ ਚੋਰੀ ਹੋ ਗਏ। ਸਾਬਕਾ ਸਲਾਹਕਾਰ ਨੇ ਕਿਸੇ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਗੁੰਮਰਾਹ ਹੋ, ਕਿਉਂਕਿ ਖਾਨ ਨੇ ਜੋ ਵੀਡੀਓ ਰਿਕਾਰਡ ਕੀਤੇ ਹਨ, ਉਹ ਇਨ੍ਹਾਂ ਫੋਨਾਂ ‘ਚ ਨਹੀਂ ਹਨ। ਇਸ ਚੋਰੀ ਸਬੰਧੀ ਗਿੱਲ ਦੀ ਟਿੱਪਣੀ ‘ਤੇ ਸਰਕਾਰ ਵੱਲੋਂ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਆਈ।


Share