ਲੁਧਿਆਣਾ, 23 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਮਗਰੋਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਲੁਧਿਆਣਾ ਦਾ ਨਵਾਂ ਮੇਅਰ ਕੌਣ ਹੋਵੇਗਾ। ਇਸ ਵਿਚਾਲੇ ਇਹ ਖ਼ਬਰ ਸੁਣਨ ਨੂੰ ਮਿਲ ਰਹੀ ਹੈ ਕਿ ਲੁਧਿਆਣਾ ਵਿਚ ਪਹਿਲੀ ਵਾਰ ਮਹਿਲਾ ਦੇ ਸਿਰ ‘ਤੇ ਮੇਅਰ ਦਾ ਤਾਜ ਸੱਜ ਸਕਦਾ ਹੈ।
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ ਸਿਧਾਂਤਕ ਤੌਰ ‘ਤੇ ਇਹ ਫ਼ੈਸਲਾ ਲੈ ਲਿਆ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਇਸ ਰਣਨੀਤੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਦੀ ਕਵਾਇਦ ਵਿਚ ਵੇਖਿਆ ਜਾ ਸਕਦਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਅੰਦਰੂਨੀ ਸਿਸਟਮ ਜ਼ਰੀਏ ਮਹਿਲਾ ਮੇਅਰ ਬਣਾਉਣ ਲਈ ਮੰਥਨ ਵੀ ਸ਼ੁਰੂ ਹੋ ਗਿਆ ਹੈ।