#PUNJAB

ਪਰਨੀਤੀ ਤੇ ਦਿਲਜੀਤ ਦੋਸਾਂਝ ਦੀ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਕੋਰਟ ਨੇ ਹਟਾਈ

ਲੁਧਿਆਣਾ, 11 ਮਈ (ਪੰਜਾਬ ਮੇਲ)-ਦਿਲਜੀਤ ਦੋਸਾਂਝ ਤੇ ਬਾਲੀਵੁੱਡ ਅਭਿਨੇਤਰੀ ਪਰਨੀਤੀ ਚੋਪੜਾ ਤੇ ਮਸ਼ਹੂਰ ਫਿਲਮ ਪ੍ਰੋਡਿਊਸਰ ਇਮਤਿਆਜ਼ ਅਲੀ ਨੂੰ ਉਸ ਸਮੇਂ ਲੁਧਿਆਣਾ ਦੀ ਅਦਾਲਤ ਨੇ ਰਾਹਤ ਦਿੱਤੀ, ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਰਹੇ ਅਮਰ ਸਿੰਘ ਚਮਕੀਲਾ ‘ਤੇ ਬਣ ਰਹੀ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ। ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ ਵੀ ਇਸ ਮਾਮਲੇ ਵਿਚ ਰਾਹਤ ਦੇ ਦਿੱਤੀ ਹੈ।
ਸਿਵਲ ਜੱਜ ਸੀਨੀਅਰ ਡਵੀਜ਼ਨ ਸੁਮਿਤ ਮੱਕੜ ਨੇ ਸੁਣਵਾਈ ਕਰਦੇ ਹੋਏ ਪਟੀਸ਼ਨਕਰਤਾ ਨੂੰ ਸਟੇਅ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਲੋਕ ਹੁਣ ਇਸ ਫਿਲਮ ਨੂੰ ਓ.ਟੀ.ਟੀ. ਪਲੇਟਫਾਰਮ ‘ਤੇ ਵੀ ਦੇਖ ਸਕਣਗੇ। ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੇ ਪ੍ਰਸਾਰਨ ‘ਤੇ ਰੋਕ ਲੱਗ ਚੁੱਕੀ ਸੀ। ਇਸ ਨੂੰ ਓ.ਟੀ.ਟੀ. ਪਲੇਟਫਾਰਮ ‘ਤੇ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਸੀ। ਪਹਿਲਾਂ ਲੁਧਿਆਣਾ ਕੋਰਟ ਨੇ ਸਵ. ਪ੍ਰੋਡਿਊਸਰ ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਤੇ ਸੰਜੋਤ ਰੰਧਾਵਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ।
ਇਸ਼ਜੀਤ ਰੰਧਾਵਾ ਤੇ ਸੰਜੋਤ ਰੰਧਾਵਾ ਨੇ ਦਾਇਰ ਕੀਤੀ ਗਈ ਪਟੀਸ਼ਨ ਵਿਚ ਕਿਹਾ ਸੀ ਕਿ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੇ 12 ਅਕਤੂਬਰ 2012 ਨੂੰ ਉਨ੍ਹਾਂ ਦੇ ਪਿਤਾ ਨੂੰ ਆਪਣੇ ਪਤੀ ‘ਤੇ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਉਨ੍ਹਾਂਨੂੰ 5 ਲੱਖ ਰੁਪਏ ਵੀ ਮਿਲੇ ਸਨ। ਬਾਇਓਪਿਕ ਬਣਾਉਣ ਲਈ ਕੋਈ ਸਮਾਂ-ਹੱਦ ਤੈਅ ਨਹੀਂ ਕੀਤੀ ਗਈ ਸੀ। 3 ਨਵੰਬਰ 2022 ਨੂੰ ਸ਼ਿਕਾਇਤਕਰਤਾ ਦੇ ਪਿਤਾ ਦੀ ਮੌਤ ਹੋ ਗਈ ਸੀ। ਪਟੀਸ਼ਨਕਰਤਾ ਨੇ ਜਦੋਂ ਬਾਇਓਪਿਕ ਬਣਾਉਣ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਮਾਮਲੇ ਨੂੰ ਟਾਲਣ ਲੱਗੀ। ਬਾਅਦ ਵਿਚ ਪਤਾ ਲੱਗਾ ਕਿ ਪਹਿਲਾਂ ਤੋਂ ਹੀ ਚਮਕੀਲਾ ਤੇ ਬੀਬੀ ਅਮਰਜੋਤ ਕੌਰ ‘ਤੇ ਇਕ ਫਿਲਮ ਬਣ ਰਹੀ ਸੀ। ਇਹ ਸਾਰੀਆਂ ਗੱਲਾਂ ਦੇਖਣ ਦੇ ਬਾਅਦ ਦੋਵੇਂ ਭਰਾਵਾਂ ਨੇ ਅਦਾਲਤ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਪਹਿਲਾਂ ਰੋਕ ਲਗਾ ਦਿੱਤੀ ਸੀ ਪਰ ਹੁਣ ਰੋਕ ਹਟਾ ਦਿੱਤੀ ਹੈ। ਹੁਣ ਜਲਦ ਹੀ ‘ਚਮਕੀਲਾ’ ਦੀ ਬਾਇਓਪਿਕ ‘ਤੇ ਬਣੀ ਫਿਲਮ ਰਿਲੀਜ਼ ਹੋ ਸਕਦੀ ਹੈ।

Leave a comment