#PUNJAB

ਨਿਗਮ ਚੋਣਾਂ: ਕੀ ਲੁਧਿਆਣਾ ‘ਚ ਕਾਂਗਰਸ-ਭਾਜਪਾ ਦਾ ਹੋਵੇਗਾ ਗੱਠਜੋੜ!

ਲੁਧਿਆਣਾ, 23 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਜਿਸ ਨੂੰ ਸਥਾਨਕ ਸਰਕਾਰ ਵੀ ਕਿਹਾ ਜਾਂਦਾ ਹੈ, ਦੀਆਂ ਚੋਣਾਂ ਬੀਤੇ ਦਿਨੀਂ ਮੁਕੰਮਲ ਹੋਈਆਂ ਹਨ। ਭਾਵੇਂ ਪੂਰਨ ਬਹੁਮਤ ਲਈ ਕੌਂਸਲਰਾਂ ਦਾ ਅੰਕੜਾ ਹਾਸਲ ਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਵਿਧਾਇਕਾਂ ਦੀਆਂ ਵੋਟਾਂ ਦੇ ਦਮ ‘ਤੇ ਮੇਅਰ ਦੀ ਕੁਰਸੀ ‘ਤੇ ਕਾਬਿਜ਼ ਹੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰ ਇਸ ਵਿਚਾਲੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਇਕ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕੀ ਕਾਂਗਰਸ 33 ਸਾਲ ਬਾਅਦ ਭਾਜਪਾ ਨਾਲ ਰਲ ਕੇ ਨਗਰ ਨਿਗਮ ਲੁਧਿਆਣਾ ਵਿਚ ਇਤਿਹਾਸ ਦੋਹਰਾਵੇਗੀ।
ਦੱਸ ਦਈਏ ਕਿ ਹੋਵੇਗਾ ਕਿ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 41 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਪਰ ਮੇਅਰ ਬਣਾਉਣ ਲਈ 95 ਵਾਰਡਾਂ ਦੇ ਹਿਸਾਬ ਨਾਲ 48 ਕੌਂਸਲਰਾਂ ਦਾ ਅੰਕੜਾ ਹੋਣਾ ਚਾਹੀਦਾ ਹੈ। ਹਾਲਾਂਕਿ 7 ਵਿਧਾਇਕਾਂ ਦੇ ਨਾਲ ਇਕ ਆਜ਼ਾਦ ਨੂੰ ਸ਼ਾਮਲ ਕਰਨ ਮਗਰੋਂ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰ ਸਕਦੀ ਹੈ। ਪਰ ਇਸ ਤੋਂ ਪਹਿਲਾਂ ‘ਆਪ’ ਦੇ ਸੁਪਨਿਆਂ ‘ਤੇ ਕਾਂਗਰਸ ਤੇ ਭਾਜਪਾ ਦੇ ਗੱਠਜੋੜ ਦੀ ਸੰਭਾਵਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਤਹਿਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਇਕ ਫੇਸਬੁੱਕ ਪੋਸਟ ਮਗਰੋਂ ਮਿਲ ਰਹੇ ਹਨ। ਇਸ ਵਿਚ ਉਨ੍ਹਾਂ ਨੇ ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੇ ਮੇਅਰ ਨਾ ਬਣਨ ਦਾ ਦਾਅਵਾ ਕੀਤਾ ਹੈ। ਹੁਣ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਂਦੀ ਹੈ ਜਾਂ ਕਾਂਗਰਸ ਤੇ ਭਾਜਪਾ ਰਲ ਕੇ ਬਹੁਮਤ ਦਾ ਅੰਕੜਾ ਪਾਰ ਕਰਦੀਆਂ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।