-ਰੂਸ-ਯੂਕਰੇਨ ਜੰਗ ਦਾ ਕੂਟਨੀਤੀ ਤੇ ਸੰਵਾਦ ਜ਼ਰੀਏ ਹੱਲ ਕੱਢਣ ਦੇ ਭਾਰਤ ਦੇ ਸਟੈਂਡ ਨੂੰ ਦੁਹਰਾਇਆ
ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਇਥੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਰੂਸ-ਯੂਕਰੇਨ ਜੰਗ ਦਾ ‘ਕੂਟਨੀਤੀ ਤੇ ਸੰਵਾਦ ਜ਼ਰੀਏ ਸ਼ਾਂਤੀਪੂਰਨ ਹੱਲ’ ਕੱਢਣ ਦੀ ਭਾਰਤ ਦੇ ਸਟੈਂਡ ਨੂੰ ਦੁਹਰਾਇਆ। ਦੋਵਾਂ ਆਗੂਆਂ ਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਵਿਚ ਭਵਿੱਖ ਬਾਰੇ ਸਿਖਰ ਵਾਰਤਾ ਤੋਂ ਇਕ ਪਾਸੇ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਸਵੇਰੇ ਆਪਣੀ ਵੈੱਬਸਾਈਟ ‘ਤੇ ਇਸ ਮੁਲਾਕਾਤ ਬਾਰੇ ਵੇਰਵੇ ਸਾਂਝੇ ਕੀਤੇ ਹਨ। ਇਸ ਸਾਲ ਜੂਨ ਮਗਰੋਂ ਦੋਵਾਂ ਆਗੂਆਂ ਦਰਮਿਆਨ ਇਹ ਤੀਜੀ ਬੈਠਕ ਹੈ।
ਵਿਦੇਸ਼ ਮੰਤਰਾਲੇ ਨੇ ਬੈਠਕ ਦੇ ਵੇਰਵੇ ਦਿੰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਸਾਫ਼ ਕਰ ਦਿੱਤਾ ਕਿ ਭਾਰਤ ਦੋਵਾਂ ਧਿਰਾਂ (ਰੂਸ-ਯੂਕਰੇਨ) ਵਿਚ ਬਣੇ ਟਕਰਾਅ ਨੂੰ ਕੂਟਨੀਤੀ ਤੇ ਸੰਵਾਦ ਜ਼ਰੀਏ ਅਤੇ ਸਾਰੇ ਸਬੰਧਤ ਭਾਈਵਾਲਾਂ ਨੂੰ ਨਾਲ ਲੈ ਕੇ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਦਾ ਹਾਮੀ ਹੈ ਤੇ ਭਾਰਤ ਇਸ ਬਾਰੇ ਬਹੁਤ ਸਪੱਸ਼ਟ ਹੈ।’