ਲੰਡਨ/ਇਸਲਾਮਾਬਾਦ, 12 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਚਾਰਟਰਡ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚਣਗੇ। ਇਕ ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਵਾਜ਼ ਦੀ ਚਾਰ ਸਾਲ ਤੋਂ ਜਾਰੀ ਸਵੈ-ਜਲਾਵਤਨੀ ਖਤਮ ਹੋ ਜਾਵੇਗੀ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਨਵਾਜ਼ ਨੂੰ ਲਿਆਉਣ ਵਾਲੀ ਉਡਾਣ ਦਾ ਨਾਂ ‘ਉਮੀਦ-ਏ-ਪਾਕਿਸਤਾਨ’ ਹੋਵੇਗਾ, ਜਿਸ ਵਿਚ ਤਕਰੀਬਨ 150 ਮੁਸਾਫਿਰ ਸਵਾਰ ਹੋ ਸਕਦੇ ਹਨ। ਖ਼ਬਰ ‘ਚ ਕਿਹਾ ਗਿਆ ਹੈ, ”ਬੁਕਿੰਗ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।”
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ 73 ਸਾਲਾ ਨਵਾਜ਼ ਸ਼ਰੀਫ ਅਗਲੇ ਸਾਲ ਜਨਵਰੀ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਆਪਣੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼’ (ਪੀ.ਐੱਮ.ਐੱਲ.-ਐੱਨ.) ਦੀ ਅਗਵਾਈ ਕਰਨਗੇ। ਪੀ.ਐੱਮ.ਐੱਲ.-ਐੱਨ. ਦੇ ਮੈਂਬਰਾਂ ਤੇ ਪੱਤਰਕਾਰਾਂ ਨਾਲ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਪਾਕਿਸਤਾਨ ਰਵਾਨਾ ਹੋਣ ਵਾਲੇ ਹਨ। ਵਿਸ਼ੇਸ਼ ਉਡਾਣ ਇਸਲਾਮਾਬਾਦ ਉਤਰੇਗੀ, ਜਿੱਥੇ ਸ਼ਰੀਫ ਮੀਨਾਰ-ਏ-ਪਾਕਿਸਤਾਨ ‘ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮਗਰੋਂ ਉਡਾਣ ਲਾਹੌਰ ਜਾਵੇਗੀ। ਸ਼ਰੀਫ ਪਹਿਲਾਂ ਉਮਰਾ ਲਈ ਸਾਊਦੀ ਅਰਬ ਜਾਣਗੇ ਅਤੇ ਇਥੇ ਇਕ ਹਫ਼ਤਾ ਰਹਿਣ ਮਗਰੋਂ ਉਹ 18 ਅਕਤੂਬਰ ਨੂੰ ਦੁਬਈ ਪਹੁੰਚਣਗੇ।