#AMERICA

ਦੱਖਣੀ ਕੈਰੋਲੀਨਾ ‘ਚ ਵਿਆਹ ਦੇ 5 ਘੰਟੇ ਬਾਅਦ ਸੜਕ ਹਾਦਸੇ ‘ਚ ਲਾੜੀ ਦੀ ਮੌਤ

-ਲਾੜੇ ਸਮੇਤ 3 ਹੋਰ ਗੰਭੀਰ ਜ਼ਖਮੀ
ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਫੋਲੀ ਬੀਚ ਵਿਖੇ ਵਿਆਹ ਦੇ 5 ਘੰਟੇ ਬਾਅਦ ਹੋਏ ਇਕ ਭਿਆਨਕ ਸੜਕ ਹਾਦਸੇ ‘ਚ 34 ਸਾਲਾ ਲਾੜੀ ਦੀ ਮੌਤ ਹੋਣ, ਜਦਕਿ ਉਸ ਦੇ ਪਤੀ ਸਮੇਤ ਦੋ ਹੋਰਨਾਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖਬਰ ਹੈ। ਰਾਤ ਵੇਲੇ ਵਾਪਰੇ ਹਾਦਸੇ ਵਿਚ ਵਿਆਹ ਦੀ ਪਾਰਟੀ ਤੋਂ ਬਾਅਦ ਲਾੜੀ ਸਮੰਤਾ ਮਿਲਰ ਆਪਣੇ ਪਤੀ ਐਰਿਕ ਹੂਚਿਨਸਨ ਸਮੇਤ ਦੋ ਹੋਰਨਾਂ ਨਾਲ ਗੋਲਫ਼ ਕਾਰਟ ਕਿਸਮ ਦੇ ਵਾਹਣ ਵਿਚ ਜਾ ਰਹੀ ਸੀ, ਜਦੋਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਠੇਲਾ ਗੱਡੀ ਕਈ ਪਲਟੀਆਂ ਖਾ ਗਈ। ਫੋਲੀ ਬੀਚ ਦੇ ਚੀਫ ਗਿਲਰੀਥ ਪਬਲਿਕ ਸੇਫਟੀ ਡਾਇਰੈਕਟਰ ਅਨੁਸਾਰ 3 ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚ ਮਿਲਰ ਦਾ ਪਤੀ ਵੀ ਸ਼ਾਮਲ ਹੈ।

ਮਹਿਲਾ ਡਰਾਈਵਰ ਜੈਮੀ ਲੀ ਕੋਮੋਰੋਸਕੀ।

ਗਿਲਰੀਥ ਨੇ ਕਿਹਾ ਹੈ ਕਿ ਠੇਲਾ ਗੱਡੀ ਜੋ ਪੂਰੀ ਤਰ੍ਹਾਂ ਸਜਾਈ ਹੋਈ ਸੀ, ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ‘ਤੇ ਪੁੱਜੇ ਸਿਹਤ ਕਾਮਿਆਂ ਨੇ ਮਿਲਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਦਮ ਤੋੜ ਗਈ। ਸ਼ੱਕੀ ਮਹਿਲਾ ਡਰਾਈਵਰ 25 ਸਾਲਾ ਜੈਮੀ ਲੀ ਕੋਮੋਰੋਸਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਗਿਲਰੀਥ ਅਨੁਸਾਰ ਹਾਦਸੇ ਸਮੇਂ ਉਹ 25 ਮੀਲ ਰਫ਼ਤਾਰ ਵਾਲੇ ਜੋਨ ਵਿਚ 65 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਾਰ ਚਲਾ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵੇਲੇ ਕਥਿਤ ਤੌਰ ‘ਤੇ ਜੈਮੀ ਨਸ਼ੇ ਵਿਚ ਸੀ।

Leave a comment