#CANADA

ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਸਰੀ, 3 ਮਈ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਸਜਾਇਆ ਗਿਆ। ਚਾਰ ਸਾਲਾਂ ਦੇ ਅਰਸੇ ਬਾਅਦ ਸਜੇ ਇਸ ਨਗਰ ਕੀਰਤਨ ‘ਚ ਤਕਰੀਬਨ ਪੰਜ ਹਜ਼ਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮੋਟਰ ਸਾਈਕਲ ਸਵਾਰਾਂ ਅਤੇ ਅੰਗਰੇਜ਼ੀ ਬੈਂਡ ਪਾਰਟੀ ਨਗਰ ਕੀਰਤਨ ਦੀ ਸ਼ੋਭਾ ਵਿਚ ਵਾਧਾ ਕਰ ਰਹੇ ਸਨ।
ਸ਼ਰਧਾਲੂਆਂ ਵੱਲੋਂ ਆਪਣੇ ਟਰੈਕਟਰ ਸਜਾ ਕੇ ਨਗਰ ਕੀਰਤਨ ਵਿਚ ਲਿਆਂਦੇ ਗਏ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਲਾਗਲੀਆਂ ਗਲੀਆਂ ਵਿਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਰਸਤੇ ਵਿਚ ਸ਼ਰਧਾਲੂਆਂ ਨੇ ਥਾਂ-ਥਾਂ ਵੱਖ-ਵੱਖ ਪਕਵਾਨਾਂ ਦੇ ਸਟਾਲ ਲਾ ਕੇ ਸੰਗਤਾਂ ਦੀ ਆਓ ਭਗਤ ਕੀਤੀ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਵੀ ਸ਼ਰਧਾਲੂਆਂ, ਕਾਰੋਬਾਰੀਆਂ, ਬੈਂਕਾਂ ਅਤੇ ਹੋਰ ਅਦਾਰਿਆਂ ਵੱਲੋਂ ਆਪੋ ਆਪਣੇ ਸਟਾਲ ਲਾਏ ਗਏ ਸਨ, ਜਿਨ੍ਹਾਂ ਉਪਰ ਸ਼ਾਮ ਤੱਕ ਖੂਬ ਰੌਣਕ ਲੱਗੀ ਰਹੀ।
ਇਸ ਨਗਰ ਕੀਰਤਨ ਉਪਰ ਪਹਿਲੀ ਵਾਰ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿਚ ਪੁਸਤਕ ਪ੍ਰੇਮੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ, ਕਿਤਾਬਾਂ ਨੂੰ ਚੁੰਮਿਆਂ ਅਤੇ ਆਪਣਾ ਸਾਥੀ ਬਣਾਇਆ। ਪੁਸਤਕ ਪ੍ਰਦਰਸ਼ਨੀ ਲਈ ਸ਼ਾਇਰ ਪਾਲ ਢਿੱਲੋਂ, ਸ਼ਿੰਦਾ ਢਿੱਲੋਂ, ਡਾ. ਪਰਮਜੀਤ ਸਿੰਘ  ਗਿੱਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਪਤਾਰਾ ਅਤੇ ਸਮੁੱਚੀ ਕਮੇਟੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਪਤਾਰਾ ਨੇ ਨਗਰ ਕੀਰਤਨ ਵਿਚ ਸ਼ਾਮਲ ਹੋਈ ਸੰਗਤ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

Leave a comment