ਮੈਡਰਿਡ, 20 ਅਗਸਤ (ਪੰਜਾਬ ਮੇਲ)- ਦੁਨੀਆਂ ਦੀ ਸਭ ਤੋਂ ਬਿਰਧ ਮੰਨੀ ਜਾਂਦੀ ਅਮਰੀਕੀ ਮੂਲ ਦੀ ਸਪੈਨਿਸ਼ ਔਰਤ ਮਾਰੀਆ ਬ੍ਰਾਨਿਆਸ ਦਾ 117 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਬ੍ਰਾਨਿਆਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ”ਮਾਰੀਆ ਬ੍ਰਾਨਿਆਸ ਦਾ ਦੇਹਾਂਤ ਉਸੇ ਤਰ੍ਹਾਂ ਹੋਇਆ ਹੈ, ਜਿਵੇਂ ਉਹ ਚਾਹੁੰਦੀ ਸੀ। ਨੀਂਦ ਵਿਚ ਸ਼ਾਂਤੀ ਅਤੇ ਬਿਨਾ ਕਿਸੇ ਦਰਦ ਤੋਂ ਉਹ ਸਾਨੂੰ ਸਦਾ ਲਈ ਅਲਵਿਦਾ ਆਖ ਗਈ।” 110 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵੇਰਵਿਆਂ ਦੀ ਜਾਣਕਾਰੀ ਰੱਖਣ ਵਾਲੇ ਜੈਰੋਨਟੋਲੋਜੀ ਰਿਸਰਚ ਗਰੁੱਪ ਅਨੁਸਾਰ ਪਿਛਲੇ ਸਾਲ ਫਰਾਂਸ ਦੀ ਨਨ ਲੁਸੀਲ ਰੈਂਡਨ ਦੀ ਮੌਤ ਤੋਂ ਬਾਅਦ ਬ੍ਰਾਨਿਆਸ ਦੁਨੀਆਂ ਦੀ ਸਭ ਤੋਂ ਵੱਧ ਉਮਰਦਰਾਜ਼ ਔਰਤ ਸੀ। ਬ੍ਰਾਨਿਆਸ ਦਾ ਜਨਮ 4 ਮਾਰਚ 1907 ਨੂੰ ਸਾਨ ਫਰਾਂਸਿਸਕੋ ਵਿਚ ਹੋਇਆ ਸੀ।